ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ‘ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਵਿਸ਼ੇਸ਼ ਕੈਂਪ 20 ਅਤੇ 21 ਨਵੰਬਰ ਨੂੰ

ਜਲੰਧਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਜਲੰਧਰ ਦੇ ਸਮੂਹ 1974 ਪੋਲਿੰਗ ਬੂਥਾਂ ’ਤੇ ਜ਼ਿਲ੍ਹਾ ਵਾਸੀਆਂ ਪਾਸੋਂ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ 20 ਅਤੇ 21 ਨਵੰਬਰ, 2021 (ਸ਼ਨੀਵਾਰ ਅਤੇ ਐਤਵਾਰ) ਨੂੰ ਬੂਥ ਲੈਵਲ ਅਫ਼ਸਰਾਂ ਵੱਲੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦਿੰਦਿਆਂ ਦੱਸਿਆ ਕਿ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ, 2022 ਦਾ ਵਿਸ਼ੇਸ਼ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਯੋਗਤਾ ਮਿਤੀ 01-01-2022 ਦੇ ਆਧਾਰ ‘ਤੇ ਫ਼ੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 01 ਨਵੰਬਰ, 2021 ਨੂੰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ‘ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ 20 ਨਵੰਬਰ (ਸ਼ਨੀਵਾਰ) ਅਤੇ 21 ਨਵੰਬਰ (ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਬੀ.ਐਲ.ਓਜ਼ ਵੱਲੋਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਹਾਜ਼ਰ ਰਹਿ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।

Advertisements

ਬੀ.ਐਲ.ਓਜ਼ ਵੱਲੋਂ ਸਮੂਹ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿ ਕੇ ਪ੍ਰਾਪਤ ਕੀਤੇ ਜਾਣਗੇ ਦਾਅਵੇ ਤੇ ਇਤਰਾਜ਼ : ਜ਼ਿਲ੍ਹਾ ਚੋਣ ਅਫ਼ਸਰ

ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਬਿਨੈ-ਪੱਤਰ ਫਾਰਮ 6 ਵਿੱਚ, ਪ੍ਰਵਾਸੀ ਭਾਰਤੀ ਵਜੋਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫ਼ਾਰਮ ਨੰ. 6 ੳ, ਵੋਟਰ ਸੂਚੀ ਵਿੱਚ ਨਾਮ ਤੇ ਇਤਰਾਜ਼ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਲਈ ਫਾਰਮ 7, ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁੱਸਤੀ ਲਈ ਫਾਰਮ 8 ਅਤੇ ਇੱਕੋ ਹੀ ਵਿਧਾਨ ਸਭਾ ਹਲਕੇ ਵਿੱਚ ਰਿਹਾਇਸ਼ ਦੀ ਅਦਲਾ-3-ਬਦਲੀ ਲਈ ਫਾਰਮ 8 ੳ ਭਰਿਆ ਜਾ ਸਕਦਾ ਹੈ। ਉਕਤ ਫਾਰਮ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ (WWW.nvsp.in) ‘ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਥੋਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿੱਚ 242 ਪੋਲਿੰਗ ਬੂਥ ਹਨ ਅਤੇ ਇਸੇ ਤਰਾਂ ਕੋਦਰ 252, ਸ਼ਾਹਕੋਟ 250, ਕਰਤਾਰਪੁਰ 228, ਜਲੰਧਰ ਪੱਛਮੀ 183, ਜਲੰਧਰ ਸੈਂਟਰਲ 190, ਜਲੰਧਰ ਉਤਰੀ 196, ਜਲੰਧਰ ਕੈਂਟ 216 ਅਤੇ ਵਿਧਾਨਸਭਾ ਹਲਕਾ ਆਦਮਪੁਰ ਵਿਖੇ 217 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਅਮਲਾ ਤਾਇਨਾਤ ਕੀਤਾ ਗਿਆ ਹੈ ਅਤੇ ਸਬੰਧਿਤ ਵਿਧਾਨਸਭਾ ਹਲਕੇ ਦੇ ਈ.ਆਰ.ਓ ਅਤੇ ਏ.ਈ.ਆਰ.ਓਜ਼ ਵਲੋਂ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੱਲ ਰਹੀ ਪ੍ਰਕਿਰਿਆ ਸਬੰਧੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲਾ ਵਾਸੀਆਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਹ ਕੈਂਪ ਦੇਸ਼ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

LEAVE A REPLY

Please enter your comment!
Please enter your name here