ਕਪੂਰਥਲਾ ਸਿਵਲ ਹਸਪਤਾਲ ਵਿਖੇ ਨਰਸਿੰਗ ਸਟਾਫ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਐਂਡ ਯੂ.ਟੀ. ਦੇ ਸੱਦੇ ‘ਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਨਰਸਿੰਗ ਸਟਾਫ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਇਸ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਬੰਦ ਰੱਖੀਆਂ ਗਈਆਂ। ਇਸ ਮੌਕੇ ਨਰਸਿੰਗ ਐਸੋਸੀਏਸ਼ਨ ਕਪੂਰਥਲਾ ਦੀ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਦੀਆਂ ਖ਼ਾਮੀਆਂ ਵਜੋਂ ਨਰਸਿੰਗ ਸਟਾਫ਼ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਮਿਸ਼ਨ ਦੀ ਰਿਪੋਰਟ ਨਾਲ ਤਨਖ਼ਾਹਾਂ ਵਧਣ ਦੀ ਬਜਾਏ ਘੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਸਿਰਫ ਲਾਰੇ ਹੀ ਲਗਾਏ ਜਾ ਰਹੇ ਹਨ।

Advertisements

ਦਲਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲੈ ਕੇ ਵੀ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ, ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਵਿਚ ਵੱਖ-ਵੱਖ ਕੈਟਾਗਰੀ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਮੰਨੀਆਂ ਮੰਗਾਂ ਲਾਗੂ ਕੀਤੇ ਜਾਣ, 6ਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਨਰਸਿੰਗ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਤੇ ਮੈਂਬਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਦਲਜੀਤ ਕੌਰ, ਜਸਵੀਰ ਕੌਰ, ਕਮਲੇਸ਼, ਹਰਦੀਪ ਕੌਰ, ਕਮਲਜੀਤ ਕੌਰ, ਨਰਿੰਦਰ, ਰਜਨੀ, ਸੁਮਨਪ੍ਰੀਤ, ਨਵਦੀਪ, ਬਿਮਲ, ਜਸਵਿੰਦਰ ਕੌਰ, ਮਲਕੀਤ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here