ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਹਨ ਗੈਂਗਸਟਰਾਂ ਨਾਲ ਸੰਬੰਧ: ਵਿਧਾਇਕ ਚੀਮਾ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ‘ਚ ਇਕ ਵੱਡਾ ਖੁਲਾਸਾ ਕਰਦਿਆਂ ਧਮਾਕਾ ਕੀਤਾ, ਜਿਸ ‘ਚ ਉਨ੍ਹਾਂ ਇਕ ਗੈਂਗਸਟਰ ਨਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਫੋਟੋ ਜਾਰੀ ਕਰਦਿਆਂ ਕਥਿਤ ਤੌਰ ‘ਤੇ ਦੋਸ਼ ਲਾਏ ਹਨ ਕਿ ਉਕਤ ਗੈਂਗਸਟਰ 27 ਨਵੰਬਰ ਨੂੰ ਲੁੱਟ-ਖੋਹ ਦੇ ਉਸ ਮਾਮਲੇ ‘ਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜੋ ਕਿ ਸੁਲਤਾਨਪੁਰ ਲੋਧੀ ‘ਚ ਉਨ੍ਹਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਉਸ ਵਕਤ ਲੁੱਟ-ਖੋਹ ਦੀ ਵਾਰਦਾਤ ਹੋਈ ਸੀ ਜਦ ਉਨ੍ਹਾਂ ਦੇ ਘਰ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਵਰਕਰਾਂ ਨਾਲ ਇਕ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖਦਸ਼ਾ ਹੈ ਕਿ ਉਕਤ ਘਟਨਾ ਨੂੰ ਇਕ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ, ਜਿਸ ਦੀ ਮਨਸ਼ਾ ਇਸ ਲੁੱਟ ਤੋਂ ਵੀ ਜ਼ਿਆਦਾ ਸੀ ਪਰ ਪੁਲਿਸ ਵਿਭਾਗ ਦੀ ਚੰਗੀ ਕਾਰਵਾਈ ਕਰ ਕੇ ਇਹ ਮੁਲਜ਼ਮ ਕਾਬੂ ਆ ਗਏ ਹਨ। ਉਨ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਸਵਾਲ ਕਰਦਿਆਂ ਕਿਹਾ ਕਿ ਕਿਉਂ ਉਹ ਅਜਿਹੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਸੂਬੇ ਦੀ ਨੌਜਵਾਨੀ ਨੂੰ ਇਕ ਅਪਰਾਧ ਦੀ ਅੱਗ ਵੱਲ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗੇ ਸਿਆਸਤ ਕਾਰਨ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਬਹੁਤ ਜੋਖਮ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਪਰ ਮੈਂ ਨੌਜਵਾਨਾਂ ਨੂੰ ਇਸ ਰਸਤੇ ਤੇ ਨਹੀਂ ਚਲਣ ਦੇਣਗੇ ਚਾਹੇ ਉਹਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈ ਜਾਵੇ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਹ ਵੀ ਆਰੋਪ ਲਗਾਇਆ ਕੀ ਕੈਬਨਿਟ ਮੰਤਰੀ ਯੂਪੀ ਵਾਂਗ ਗੁੰਡਾ ਰਾਜ ਕਾਇਮ ਕਰ ਆਪਣੇ ਸਿਆਸੀ ਬਦਲੇ ਲਈ ਉਹਨਾਂ ਨੂੰ ਜਾਨ ਤੋ ਵੀ ਮਰਵਾ ਸਕਦੇ ਹਨ। ਉਹਨਾਂ ਕਿਹਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਮੈਨੂੰ ਹਲਕੇ ਵਿੱਚ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਕੁਝ ਸਿਆਸੀ ਆਗੂ ਪੰਜਾਬ ਨੂੰ ਲਾਂਬੂ ਲਾਕੇ ਉਸ ਕਾਲੇ ਦੌਰ ਵਿੱਚ ਧਕੇਲਣਾ ਚਹੁੰਦੇ ਹਨ ਜਿਸ ਅੱਗ ਦੀ ਭੱਠੀ ਵਿੱਚ ਪੰਜਾਬ ਨੇ ਪਹਿਲਾਂ ਹੀ ਉਸ ਸਮੇਂ 20 ਸਾਲ ਨੁਕਸਾਨ ਝੱਲਿਆ ਹੈ। ਵਿਧਾਇਕ ਨਵਤੇਜ ਚੀਮਾ ਨੇ ਤਲਖ ਅੰਦਾਜ ਵਿੱਚ ਕਿਹਾ ਕੀ ਉਹ ਇਸ ਸਾਰੀ ਘਟਨਾ ਦੀ ਗ੍ਰਹਿ ਵਿਭਾਗ ਕੋਲੋਂ ਉਚ ਪੱਧਰੀ ਜਾਂਚ ਦੀ ਮੰਗ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਅਤੇ ਹਾਈ ਕਮਾਂਡ ਦੇ ਧਿਆਨ ਵਿੱਚ ਸਾਰੀ ਗੱਲ ਲਿਆਉਣਗੇ ।

Advertisements

ਵਿਧਾਇਕ ਨੇ ਲਗਾਇਆ ਆਰੋਪ-ਕੈਬਨਿਟ ਮੰਤਰੀ ਯੂਪੀ ਵਾਂਗ ਗੁੰਡਾ ਰਾਜ ਕਾਇਮ ਕਰਕੇ ਉਹਨਾਂ ਨੂੰ ਜਾਨ ਤੋ ਵੀ ਮਰਵਾ ਸਕਦੇ ਹਨ
ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਸਾਨ ਅੰਦੋਲਨ ਦੀ ਜਿੱਤ ਤੇ ਕਿਸਾਨਾਂ ਦੇ ਧਰਨੇ ਨੂੰ ਸਮਾਪਤ ਕਰਨ ਦੇ ਐਲਾਨ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਿਕ ਜਿੱਤ ਹੈ ਜੋ ਅੱਗੇ ਵੀ ਕਿਸੇ ਵੀ ਤਸ਼ਦਦ ਲਈ ਮਾਰਗਦਰਸ਼ਨ ਕਰੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਪੱਪਾ, ਚੇਅਰਮੈਨ ਪੰਜਾਬ ਕੰਬੋਜ ਵੈਲਫੇਅਰ ਬੋਰਡ ਐਡਵੋਕੇਟ ਜਸਪਾਲ ਸਿੰਘ ਧੰਜੂ, ਵਾਇਸ ਚੇਅਰਮੈਨ ਜਿਲਾ ਪ੍ਰਰੀਸ਼ਦ ਹਰਜਿੰਦਰ ਸਿੰਘ ਜਿੰਦਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸਰਪੰਚ ਲਖਵਿੰਦਰ ਸਿੰਘ ਲੱਖੀ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ ਆਦਿ ਹਾਜ਼ਰ ਸਨ।

ਬੁਖਲਾਹਟ ‘ਚ ਬੋਲ ਰਹੇ ਨੇ ਨਵਤੇਜ ਚੀਮਾ : ਰਾਣਾ ਗੁਰਜੀਤ
ਉਧਰ ਚੀਮਾ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ ਜਾ ਰਹੀ ਹੈ, ਜਿਸ ਕਾਰਨ ਨਵਤੇਜ ਸਿੰਘ ਚੀਮਾ ਬੁਖਲਾਹਟ ‘ਚ ਆ ਕੇ ਅਜਿਹੇ ਦੋਸ਼ ਲਾ ਰਹੇ ਹਨ। ਰਾਣਾ ਨੇ ਕਿਹਾ ਕਿ ਰਾਣਾ ਇੰਦਰਪ੍ਰਤਾਪ ਨਾਲ ਇਸੇ ਰੰਜਿਸ਼ ਕਾਰਨ ਚੀਮਾ ਉਨ੍ਹਾਂ ‘ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ, ਜਿਸ ਦਾ ਜਵਾਬ ਸ਼ੁੱਕਰਵਾਰ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here