ਪਿੰਡ ਫੇਰੋਚੇਚੀ ਦੇ ਨੌਜਵਾਨ ਦੀ ਪਿੰਡ ਨੂੰਨ ਨੇੜਿਓਂ ਮਿਲੀ ਭੇਤਭਰੀ ਹਾਲਤ ਵਿਚ ਲਾਸ਼, ਪੁਲੀਸ ਜਾਂਚ ਸ਼ੁਰੂ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ- ਲਵਪ੍ਰੀਤ ਸਿੰਘ ਖੁਸ਼ੀਪੁਰ। ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੇਰੋਚੇਚੀ ਦੇ ਇੱਕ ਨੌਜਵਾਨ ਦੀ ਦਰਿਆ ਬਿਆਸ ਕੰਢੇ ਵੱਸਦੇ ਪਿੰਡ ਨੂੰਨ ਦੀ ਡਰੇਨ ਨੇਡ਼ਿਓਂ ਭੇਦਭਰੇ ਹਾਲਾਤ ਮਿੱਟੀ ਵਿਚ ਅੱਧੀ ਦੱਬੀ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਵਾਰਸਾਂ ਅਨੁਸਾਰ ਤਰਨਪ੍ਰੀਤ ਸਿੰਘ (18) 3 ਮਾਰਚ ਨੂੰ ਆਪਣੇ ਦੋਸਤਾਂ ਸਮੇਤ ਚੋਲਾ ਸਾਹਿਬ ਦਾ ਮੇਲਾ ਦੇਖਣ ਲਈ ਘਰੋਂ ਗਿਆ ਸੀ। ਪਰ 2 ਦਿਨ ਬਾਅਦ ਵੀ ਜਦ ਤਰਨਪ੍ਰੀਤ ਘਰ ਨਹੀਂ ਪਰਤਿਆ ਤਾਂ ਘਰ ਦੇ ਮੈਂਬਰਾਂ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਲ ਰਾਤ ਨੂੰ ਇਸਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਸੋਨੀ ਭਲਵਾਨ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਤਰਨਪ੍ਰੀਤ ਆਪਣੇ ਕੁਝ ਸਾਥੀਆਂ ਸਮੇਤ ਭੇਟ ਪੱਤਣ ਵਾਲੇ ਸੰਗ ਦੇ ਮੇਲੇ ਗਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਘਰ ਨਾ ਪਰਤਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਤਰਨਪ੍ਰੀਤ ਦੀ ਭਾਲ ਸ਼ੁਰੂ ਕੀਤੀ ਤਾਂ ਪਿੰਡ ਨੂੰਨ ਦੀ ਡਰੇਨ ਨੇੜਿਓਂ ਉਸ ਦੀ ਮਿੱਟੀ ਵਿੱਚ ਅੱਧੀ ਦੱਬੀ ਹੋਈ ਲਾਸ਼ ਮਿਲੀ।

Advertisements

ਉਨ੍ਹਾਂ ਨੇ ਕਿਹਾ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਦਿੱਤੀ। ਇਸ ਉਪਰੰਤ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਸ਼ਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਦੇ ਮੌਕੇ ਦੇ ਹਾਲਾਤ ਦੇਖ ਕੇ ਇਸ ਦੀ ਸੂਚਨਾ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ। ਜਿਸ ਉਪਰੰਤ ਹਲਕੇ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਮੌਕੇ ਤੇ ਪਹੁੰਚੇ। ਇਸ ਸਬੰਧੀ ਜਦੋਂ ਡੀਐੱਸਪੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਡੂੰਘੀ ਪੜਤਾਲ ਦਾ ਮਾਮਲਾ ਹੈ ਪੁਲਿਸ ਪੜਤਾਲ ਕਰਕੇ ਹੀ ਇਸ ਮਾਮਲੇ ਬਾਰੇ ਕੋਈ ਖੁਲਾਸਾ ਕਰੇਗੀ। ਹਲਕਾ ਡਿਊਟੀ ਅਫਸਰ ਨਾਇਬ ਤਹਿਸੀਲਦਾਰ ਮਨੋਹਰ ਲਾਲ ਮੌਕੇ ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲਸ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜਿਆ। ਇਸ ਮੌਕੇ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਉਸ ਦੇ ਸਾਥੀਆਂ ਨੇ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਇੱਥੇ ਦਬਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਨੌਜਵਾਨ ਪੁੱਤਰ ਦੀ ਭੇਦਭਰੀ ਮੌਤ ਦੀ ਪੜਤਾਲ ਅਤੇ ਇਨਸਾਫ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here