ਡਿਪਟੀ ਕਮਿਸ਼ਨਰ ਨੇ ਲਿਆ ਟ੍ਰੇਨਿੰਗ ਸੈਸ਼ਨ ਦਾ ਜਾਇਜ਼ਾ, ਗਿਣਤੀ ਸਟਾਫ਼ ਨੂੰ ਡਿਊਟੀ ਤਨਦੇਹੀ ਨਾਲ ਨਿਭਾਉਣ ਦੀਆਂ ਦਿੱਤੀਆਂ ਹਦਾਇਤਾਂ

ਜਲੰਧਰ, (ਦ ਸਟੈਲਰ ਨਿਊਜ਼)। ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਦੀ 10 ਮਾਰਚ ਨੂੰ ਹੋਣ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਅੱਜ ਇੱਥੇ ਐਚ.ਐਮ.ਵੀ. ਕਾਲਜ ਜਲੰਧਰ ਵਿਖੇ ਕਾਊਂਟਿੰਗ ਆਬਜ਼ਰਵਰ ਅਜਯਨ ਸੀ ਦੀ ਮੌਜੂਦਗੀ ਵਿੱਚ ਗਿਣਤੀ ਸਟਾਫ਼ ਲਈ ਦੂਜਾ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਟ੍ਰੇਨਿੰਗ ਸੈਸ਼ਨ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਗਿਣਤੀ ਅਮਲੇ, ਜਿਸ ਵਿੱਚ 207 ਗਣਨਾ ਸੁਪਰਵਾਈਜ਼ਰ, 207 ਗਣਨਾ ਸਹਾਇਕ ਅਤੇ 207 ਮਾਈਕਰੋ ਅਬਜ਼ਰਵਰ ਸ਼ਾਮਲ ਹਨ, ਨੂੰ ਆਪਣੀ ਡਿਊਟੀ ਪੂਰੀ ਸੰਜੀਦਗੀ ਅਤੇ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੋਟਾਂ ਦੀ ਗਿਣਤੀ ਦੇ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ 9 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਕਾਰਜ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਜਿਸ ਦੇ ਲਈ ਸਮੁੱਚੇ ਗਿਣਤੀ ਕੇਂਦਰਾਂ ‘ਤੇ ਲੋੜੀਂਦੇ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਤਾਂ ਜੋ ਗਿਣਤੀ ਵਾਲੇ ਦਿਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਗਿਣਤੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।

Advertisements

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਫਿਲੌਰ ਅਤੇ ਜਲੰਧਰ ਉੱਤਰੀ ਵਿਧਾਨ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕ੍ਰਮਵਾਰ ਮੈਰੀਟੋਰੀਅਸ ਸਕੂਲ ਦੇ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਦੇ ਹਾਲਾਂ ਵਿੱਚ ਹੋਵੇਗੀ ਜਦਕਿ ਸ਼ਾਹਕੋਟ, ਨਕੋਦਰ ਅਤੇ ਜਲੰਧਰ ਕੇਂਦਰੀ ਹਲਕਿਆਂ ਲਈ ਗਿਣਤੀ ਦੇ ਕਾਰਜ ਨੂੰ ਕ੍ਰਮਵਾਰ ਡਾਇਰੈਕਟਰ ਲੈਂਡ ਰਿਕਾਰਡ, ਸਟੇਟ ਪਟਵਾਰ ਸਕੂਲ ਦੇ ਦਫ਼ਤਰ ਅਤੇ ਡਾਇਰੈਕਟਰ ਲੈਂਡ ਰਿਕਾਰਡ ਦੀ ਬਿਲਡਿੰਗ ਵਿਖੇ ਤੀਜੀ ਅਤੇ ਪੰਜਵੀਂ ਮੰਜ਼ਿਲ ‘ਤੇ ਹਾਲ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ।ਇਸੇ ਤਰ੍ਹਾਂ ਕਰਤਾਰਪੁਰ ਅਤੇ ਆਦਮਪੁਰ ਹਲਕਿਆਂ ਦੀ ਗਿਣਤੀ ਕ੍ਰਮਵਾਰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਇੰਡੋਰ ਸਟੇਡੀਅਮ ਦੇ ਸੱਜੇ ਅਤੇ ਖੱਬੇ ਪਾਸੇ ਦੇ ਹਾਲਾਂ ਵਿੱਚ ਹੋਵੇਗੀ ਅਤੇ ਜਲੰਧਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਜਿਮਨੇਜ਼ੀਅਮ ਹਾਲ ਵਿਚ ਪੁਰਾਣੀ ਇਮਾਰਤ ਵਿਚ ਹੋਵੇਗੀ ਜਦਕਿ ਜਲੰਧਰ ਛਾਉਣੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਪੈਵੇਲੀਅਨ ਹਾਲ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਦੌਰਾਨ ਸਮੁੱਚੇ ਕਾਰਜਾਂ ‘ਤੇ ਨਿਗਰਾਨੀ ਲਈ ਡਾਇਰੈਕਟਰ ਲੈਂਡ ਰਿਕਾਰਡ ਦੇ ਦਫ਼ਤਰ ਵਿਖੇ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।

 ਗਿਣਤੀ ਅਮਲੇ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਕਾਲਜ ਵਿੱਚ ਪੰਜ ਵੱਖੋ-ਵੱਖਰੇ ਸਿਖਲਾਈ ਕੇਂਦਰ ਸਥਾਪਤ ਕੀਤੇ ਗਏ ਸਨ। ਸਿਖਲਾਈ ਸੈਸ਼ਨ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਪਾਵਰ ਪੁਆਇੰਟ ਪ੍ਰਜ਼ੈਨਟੇਸ਼ਨ ਰਾਹੀਂ ਗਿਣਤੀ ਅਮਲੇ ਨੂੰ ਵੋਟਿੰਗ ਮਸ਼ੀਨਾਂ ਤੋਂ ਵੋਟਾਂ ਦੀ ਗਿਣਤੀ, ਰਾਊਂਡ ਵਾਈਜ਼ ਨਤੀਜਾ ਐਲਾਨਣ ਸਮੇਤ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਦੇ ਅੰਤ ਵਿੱਚ ਡਾਊਟ ਕਲੀਅਰਿੰਗ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਗਿਣਤੀ ਅਮਲੇ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਲਈ ਇੱਕ-ਇੱਕ ਗਿਣਤੀ ਨਿਗਰਾਨ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ.) ਓਜਸਵੀ ਅਲੰਕਾਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ ਕਰਨ ਸ਼ਰਮਾ, ਡਾ. ਹਰਵਿੰਦਰ ਸਿੰਘ, ਹਲਕਾ ਪੱਧਰੀ ਮਾਸਟਰ ਟ੍ਰੇਨਰ ਸੁਰੇਸ਼ ਮਗੋ, ਗੁਲਸ਼ਨ ਸ਼ਰਮਾ, ਰਣਜੀਤ ਸਿੰਘ, ਅਮਨਪ੍ਰਤਾਪ ਸਿੰਘ ਪਾਲ, ਕੁਲਦੀਪ ਯਾਦਵ, ਸੁਰਿੰਦਰ ਸ਼ਰਮਾ, ਜਤਿੰਦਰ ਕੁਮਾਰ ਤੇ ਸੁਮਿਤ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here