ਤਲਵਾੜਾ ਵਿੱਚ ਮੁਲਾਜ਼ਮ, ਮਜ਼ਦੂਰ, ਕਿਸਾਨ ਸੰਗਠਨਾਂ ਵੱਲੋਂ ਮੁਜ਼ਾਹਰਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰਵੀਨ ਸੋਹਲ। ਕੇਂਦਰੀ ਟੇ੍ਰਡ ਯੂਨੀਅਨਾਂ ਦੇ ਦੋ ਰੋਜ਼ਾ ਦੇਸ਼ ਵਿਆਪੀ ਹਡ਼ਤਾਲ ਦੇ ਸੱਦੇ ‘ਤੇ ਅੱਜ ਤਲਵਾੜਾ ‘ਚ ਮੁਲਾਜ਼ਮ, ਮਜ਼ਦੂਰ , ਕਿਸਾਨ,ਪੈਨਸ਼ਨਰ ਆਦਿ ਸੰਗਠਨਾਂ ਨੇ ਸਾਂਝੇ ਰੂਪ ‘ਚ ਰੋਸ਼ ਮੁਜ਼ਾਹਰਾ ਕੀਤਾ। ਕੇਂਦਰ ਤੇ ਰਾਜ ਸਰਕਾਰ ਦੀਆਂ ਨਿੱਜੀਕਰਨ, ਮਹਿੰਗਾਈ, ਮੁਲਾਜ਼ਮ ਅਤੇ ਮਜ਼ਦੂਰ ਮਾਰੂ ਤੇ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਸ਼ਹਿਰ ‘ਚ ਰੋਸ ਮਾਰਚ ਕੱਢਿਆ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਅਖਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਦੇ ਕੌਮੀ ਕਨਵੀਨਰ ਜਸਵੀਰ ਤਲਵਾਡ਼ਾ, ਪੈਨਸ਼ਨਰਜ਼ ਐਸੋਸਿਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ, ਜ਼ਮਹੂਰੀ ਕਿਸਾਨ ਪੰਜਾਬ ਦੇ ਆਗੂ ਧਰਮਿੰਦਰ ਸਿੰਘ ਆਦਿ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਤੇ ਕਾਰਪੋਰੇਟ ਦੇ ਹੱਥਠੋਕੇ ਹੋਣ ਦੇ ਦੋਸ਼ ਲਗਾਏ। ਉਨਾਂ ਕਿਹਾ ਕਿ ਦੇਸ਼ ਨੂੰ ਮੋਦੀ ਤੇ ਸ਼ਾਹ ਦੋ ਵਿਅਕਤੀ ਹੀ ਚਲਾ ਰਹੇ ਹਨ, ਅਤੇ ਇਹ ਅੰਬਾਨੀ ਤੇ ਅਡਾਨੀ ਦੇ ਹੀ ਘਰ ਭਰ ਰਹੇ ਹਨ। ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮਹਿੰਗਾਈ ਨਿੱਤ ਨਵੇਂ ਸਿਖ਼ਰ ਛੂਹ ਰਹੀ ਹੈ, ਨਿੱਜੀਕਰਨ ਕਾਰਨ ਰੁਜ਼ਗਾਰ ਦੇ ਮੌਕੇ ਸੁੰਗਡ਼ ਗਏ ਹਨ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਆਮ ਲੋਕਾਂ ਦਾ ਜੀਵਨ ਦੁਭੱਰ ਹੋ ਗਿਆ ਹੈ। ਮੁਲਾਜ਼ਮਾਂ ਦੇ ਭੱਤਿਆਂ ’ਤੇ ਕੱਟ ਲਗਾਏ ਜਾ ਰਹੇ ਹਨ।

Advertisements

ਦੇਸ਼ ਸੇਵਾ ਦੇ ਨਾਂ ’ਤੇ ਸਿਆਸਤਦਾਨ ਮੋਟੀਆਂ ਤਨਖ਼ਾਹਾਂ, ਭੱਤੇ ਅਤੇ ਪੈਨਸ਼ਨਾਂ ਲੈ ਕੇ ਮੇਵਾ ਛੱਕ ਰਹੇ ਹਨ। ਜਦਕਿ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਦੇਸ਼ ਸੇਵਾ ‘ਚ ਲਾਉਣ ਵਾਲੇ ਮੁਲਾਜ਼ਮਾਂ ’ਤੇ ਜ਼ਬਰੀ ਨਵੀਂ ਪੈਨਸ਼ਨ ਯੋਜਨਾ ਥੋਪ ਬੁਢਾਪੇ ਦਾ ਸਹਾਰਾ ਖੋਹ ਲਿਆ ਗਿਆ ਹੈ। ਮਨਰੇਗਾ ਅਤੇ ਮਾਮੂਲੀ ਮਾਣ ਭੱਤੇ ‘ਤੇ ਕੰਮ ਕਰਦੇ ਆਂਗਣਬਾਡ਼ੀ, ਆਸ਼ਾ ਆਦਿ ਵਰਕਰਾਂ ਅਤੇ ਠੇਕਾ ਤੇ ਆਊਟ ਸੋਰਸਿੰਗ ਯੋਜਨਾ ਅਧੀਨ ਕੰਮ ਕਰਦੇ ਕਾਮਿਆਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਤੋਂ ਵੀ ਘੱਟ ਦਿਹਾਡ਼ੀ ਦਿੱਤੀ ਜਾ ਰਹੀ ਹੈ। ਸਰਕਾਰ ਦੀਆਂ ਉਪਰੋਕਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨ ਆਦਿ ਸੰਗਠਨਾਂ ਅਤੇ ਆਮ ਲੋਕਾਂ ‘ਚ ਭਾਰੀ ਰੋਸ ਹੈ। ਇਸ ਉਪਰੰਤ ਮੁਜ਼ਾਹਰਾਕਾਰੀਆਂ ਨੇ ਸ਼ਹਿਰ ‘ਚ ਬੀਪੀਈਓ ਦਫ਼ਤਰ ਤੋਂ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ ਤੱਕ ਰੋਸ ਮਾਰਚ ਕੱਢਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੁਲਖ ਰਾਜ, ਵਰਿੰਦਰ ਵਿੱਕੀ, ਮਨਮੋਹਨ ਸਿੰਘ, ਰਾਜੀਵ ਸ਼ਰਮਾ, ਪਿੰਕੀ ਕੁਮਾਰੀ, ਅਵਿਨਾਸ਼ ਕੁਮਾਰ ਬੀਬੀਐਮਬੀ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here