ਮਲਕੀਤੀ ਜ਼ਮੀਨ ਵਿੱਚੋਂ ਜ਼ਬਰੀ ਰਸਤਾ ਕੱਢਣ ਦਾ ਵਿਰੋਧ ਕਰਦੇ ਪੀੜਤ ਪਰਿਵਾਰ ਨੂੰ ਤਲਵਾੜਾ ਪੁਲਿਸ ਨੇ ਥਾਣੇ ਡੱਕਿਆ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸਰਕਾਰ ਭਾਵ ਕੋਈ ਵੀ ਆ ਜਾਵੇ ਪਰ ਪੁਲੀਸ ਦਾ ਰਵੱਈਆ ਮਹਾਤੜਾਂ ਪ੍ਰਤੀ ਹਮੇਸ਼ਾਂ ਧੱਕੇਸ਼ਾਹੀ ਤੇ ਰਸੂਖਦਾਰਾਂ ਦੀ ਮੱਦਦ ਵਾਲਾ ਰਹਿੰਦਾ ਹੈ। ਅਜਿਹਾ ਹੀ ਮਾਮਲਾ ਤਲਵਾੜਾ ਵਿਖੇ ਉਜਾਗਰ ਹੋਇਆ ਹੈ, ਜਿਸ ਦੀ ਵਾਈਰਲ ਹੋਈ ਵੀਡੀਓ ਵਿੱਚ ਐਸਐਚਓ ਤਲਵਾੜਾ ਆਪਣੀ ਮਲਕੀਤੀ ਜਗ੍ਹਾ ਰਾਖੀ ਲਈ ਜਦਜਹਿਦ ਕਰ ਰਹੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਬਿਨ੍ਹਾਂ ਕਿਸੇ ਦੋਸ਼ ਥਾਣੇ ਲਿਜਾਣ ਦਾ ਹੁਕਮ ਚਾੜਦਾ ਨਜ਼ਰ ਆਉਂਦਾ ਹੈ। ਹੁਣ ਦੇਖਣਾ ਇਹ ਹੈ ਕਿ ਪਿਛਲੀਆਂ ਸਰਕਾਰਾਂ ਤੇ ਪੁਲੀਸ ਦੁਆਰਾ ਧੱਕੇਸ਼ਾਹੀ ਦੇ ਦੋਸ਼ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਲੀਸ ਨਾਲ ਕਿਹੜਾ ਰਵੱਈਆ ਅਖਤਿਆਰ ਕਰਦੀ ਹੈ। ਪੀੜਤ ਪਰਿਵਾਰ ਦੇ ਅਰੁਣ ਕੁਮਾਰ, ਨੀਤਿਸ਼ ਸ਼ਰਮਾ, ਸੁਨੀਲ ਕੁਮਾਰ, ਰੀਨੂੰ ਸ਼ਰਮਾ, ਵਾਸੀ ਤਲਵਾੜਾ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਹਿਰ ਦੇ ਟੈਰੇਸ ਰੋਡ ਮਲਕੀਤੀ ਜ਼ਮੀਨ ਹੈ, ਜਿਸ ਵਿੱਚ ਗਲਤ ਤਰੀਕੇ ਨਾਲ ਨਗਰ ਪੰਚਾਇਤ ਤਲਵਾੜਾ ਦੇ ਅਧਿਕਾਰੀਆਂ ਸਮੇਤ ਕੁਝ ਸ਼ਰਾਰਤੀਆਂ ਵਲੋਂ ਨਜਾਇਜ਼ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦਾ ਝਗੜਾ ਹਾਲੇ ਚੱਲ ਰਿਹਾ ਹੈ। ਇਸ ਵਿੱਚ ਰਵੀ ਕੁਮਾਰ ਤੇ ਰਕੇਸ਼ ਕੁਮਾਰ ਦਾ 0-2, 0-2 ਮਰਲੇ ਦੀ ਹਿੱਸਦਾਰੀ ਹੈ, ਪਰ ਉਸ ਵਿੱਚ ਵੀ ਉਨ੍ਹਾਂ ਦਾ ਕੋਈ ਕਬਜ਼ਾ ਨਹੀਂ ਹੈ।

Advertisements

ਉਕਤ ਲੋਕ ਸਥਾਨਿਕ ਲੀਡਰਾਂ ਦੀ ਸ਼ਹਿ ਉੱਤੇ ਉਨ੍ਹਾਂ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੇ ਦਿਨ ਕੁਝ ਸ਼ਰਾਰਤੀ ਲੋਕਾਂ ਨੇ ਸਾਡੀ ਜ਼ਮੀਨ ਵਿੱਚ ਲੱਗੀਆਂ ਤਾਰਾਂ ਕੱਟ ਕੇ ਸਾਡੀ ਜ਼ਮੀਨ ‘ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਬਰੀ ਰਸਤਾ ਕੱਢਣਾ ਚਾਹਿਆ। ਤਲਵਾੜਾ ਪੁਲੀਸ ਦੇ ਅਧਿਕਾਰੀਆ ਨੇ ਰਸੂਖਦਾਰਾਂ ਦੇ ਪੱਖ ਵਿੱਚ ਭੁਗਤਦਿਆਂ ਪੀੜਤ ਪਰਿਵਾਰ ਨੂੰ ਉੱਥੇ ਸੱਦਿਆ। ਜਦੋਂ ਉਹ ਸਬੰਧਿਤ ਜ਼ਮੀਨ ਵਿੱਚ ਗਏ ਤਾਂ ਐਸਐਚਓ ਤਲਵਾੜਾ ਮਨਮੋਹਨ ਸਿੰਘ ਆਪਣੇ ਗੰਨਮੈਨ ਸਮੇਤ ਪੁਲੀਸ ਟੀਮ ਨਾਲ ਸਾਡੇ ਪਰਿਵਾਰ ਨੂੰ ਗਾਲੀ ਗਲੋਚ ਕਰਨ : ਲੱਗਾ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਗੰਦ ਪਾਇਆ ਹੋਇਆ ਹੈ। ਸਾਨੂੰ ਰੋਜ ਤੰਗ ਕਰਦੇ ਹਨ, ਸਾਰਿਆਂ ਨੂੰ ਥਾਣੇ ਲੈ ਚੱਲ, ਇਨ੍ਹਾਂ ਦੀਆਂ ਜਨਾਨੀਆਂ ਨੂੰ ਵੀ ਥਾਣੇ ਡੱਕ। ਪੀੜਤਾ ਨੇ ਦੱਸਿਆ ਕਿ ਇਸ ਧੱਕੇਸ਼ਾਹੀ ਦੌਰਾਨ ਪੁਲੀਸ ਨੇ ਉਨ੍ਹਾਂ ਦੀਆਂ ਔਰਤਾਂ ਨੂੰ ਧੱਕ ਮਾਰੇ ਤੇ ਸਰੀਰਕ ਛੇੜਛਾੜ ਵੀ ਕੀਤੀ। ਪੁਲੀਸ ਅਧਿਕਾਰੀ ਸਾਡੇ ਵਿਰੋਧੀਆਂ ਦੇ ਪੱਖ ਵਿੱਚ ਭੁਗਤਦੇ ਹੋਏ ਸਾਨੂੰ ਧਮਕਾਉਂਦੇ ਰਹੇ ਤੇ ਸਾਰਾ ਦਿਨ ਤਲਵਾੜਾ ਥਾਣੇ ਅੰਦਰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਜ਼ਮੀਨ ਵਿੱਚੋਂ ਨਜਾਇਜ਼ ਰਸਤਾ ਕੱਢਣ ਲਈ ਦਬਾਅ ਬਣਾਉਂਦੇ ਰਹੇ। ਪੁਲੀਸ ਨੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਦੇ ਮੋਬਾਈਲ ਵੀ ਖੋਹ ਲਏ ਅਤੇ ਪੁਲੀਸ ਦੀ ਧੱਕੇਸ਼ਾਹੀ ਦੀਆਂ ਬਣਾਈਆਂ ਵੀਡੀਓਜ਼ ਵੀ ਡਲੀਟ ਕਰ ਦਿੱਤੀਆਂ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨਾਲ ਸਰੀਰਕ ਛੇੜਛਾੜ ਕਰਨ ਤੇ ਉਨ੍ਹਾਂ ਨੂੰ ਧੱਕੇ ਨਾਲ ਬਿਨ੍ਹਾਂ ਕਿਸੇ ਦੇਸ਼ ਥਾਣੇ ਡੱਕਣ ਵਾਲੀ ਤਲਵਾੜਾ ਪੁਲੀਸ ਦੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਕੇ ਸਾਡੀ ਜਮੀਨ ਵਿਚੋਂ ਨਜਾਇਜ ਰਸਤਾ ਕੱਢਣ ਦੀ ਕੋਸ਼ਿਸ਼ ਕਰਨ ਵਾਲਿਆ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸੰਪਰਕ ਕਰਨ ‘ਤੇ ਐਸਐਚਓ ਤਲਵਾੜਾ ਮਨਮੋਹਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋ ਧਿਰਾਂ ਦਾ ਜ਼ਮੀਨੀ ਝਗੜਾ ਹੋਣ ਕਾਰਨ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਨਿਬੇੜਾ ਕਰਨ ਲਈ ਕੁਝ ਸਖਤੀ ਕੀਤੀ ਸੀ, ਪਰ ਉਨ੍ਹਾਂ ਕਿਸੇ ਦੇ ਪੱਖ ਵਿੱਚ ਭੁਗਤਦਿਆਂ ਕਿਸੇ ਨਾਲ ਵੀ ਬਦਸਲੂਕੀ ਨਹੀਂ ਕੀਤੀ।

LEAVE A REPLY

Please enter your comment!
Please enter your name here