ਜੁੁਵੇਨਾਈਲ ਹੋਮ ਅਤੇ ਚਿਲਡਰਨ ਹੋਮ ਵਿਖੇ ਕਰਵਾਇਆ ਗਿਆ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ  ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਜੁੁਵੇਨਾਈਲ ਹੋਮ ਅਤੇ ਚਿਲਡਰਨ ਹੋਮ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਖੇ ਸਵੱਛਤਾ ਅਭਿਆਨ ਤਹਿਤ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।

Advertisements

ਇਸ ਮੌਕੇ ਪੈਨਲ ਐਡਵੋਕੇਟ ਸੰਦੀਪ ਨੇ ਬੱਚਿਆਂ ਨੂੰ ਸਾਫ਼-ਸਫ਼ਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਆਲੇ-ਦੁਆਲੇ ਦੀ ਸਫ਼ਾਈ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਯੁਵਾ ਦਿਵਸ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਸਵਾਮੀ ਵਿਵੇਕਾਨੰਦ ਦੇ ਦੱਸੇ ਹੋਏ ਮਾਰਗ ’ਤੇ ਚੱਲਦਿਆਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਅੱਜ ਦੇ ਜਵਾਨ ਬੱਚਿਆਂ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਬੁਰਾਈਆਂ ਨੂੰ ਛੱਡ ਕੇ ਚੰਗੇ ਰਸਤੇ ਅਪਣਾਉਣੇ ਚਾਹੀਦੇ ਹਨ ਅਤੇ ਅਨਪੜ੍ਹਤਾ ਨੂੰ ਵੀ ਦੂਰ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਪੌਕਸੋ ਐਕਟ, 2012 ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਅਤੇ ਦੱਸਿਆ ਕਿ ਗਿਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਾਲਸਾ ਦੀਆਂ ਹਦਾਇਤਾਂ ਅਨੁਸਾਰ ਕੈਟਾਗਰੀਆਂ ਅਧੀਨ ਆਉਂਦੇ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕੈਟਾਗਰੀਆਂ, ਜਿਵੇ ਕਿ ਔਰਤ, ਬੱਚਾ (ਜਿਸ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਘੱਟ ਹੋਵੇ), ਬੇਗਾਰ ਦਾ ਮਾਰਿਆ, ਕੁਦਰਤੀ ਆਫਤਾਂ, ਟਰਾਂਸਜੈਡਰ, ਹਵਾਲਾਤੀ, ਐਸ.ਸੀ/ਬੀ.ਸੀ, ਜਨਰਲ, ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ, ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ ਅਤੇ ਮੁਫ਼ਤ ਕਾਨੂੰਨੀ ਸਲਾਹ-ਮਸ਼ਵਰਾ ਹਰੇਕ ਵਿਅਕਤੀ ਲੈ ਸਕਦਾ ਹੈ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਮੋਹਨ ਸਿੰਘ ਅਤੇ ਚਿਲਡਰਨ ਹੋਮ ਦਾ ਸਟਾਫ ਤੇ ਹਾਊਸ ਕੀਪਰ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here