ਜਲੰਧਰ ’ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਤੇ ਸਹਾਇਤਾ ਲਈ ਪ੍ਰਸ਼ਾਸਨ ਵਚਨਬੱਧ : ਥੋਰੀ

ਜਲੰਧਰ (ਦ ਸਟੈਲਰ ਨਿਊਜ਼) ਨਵੀਂ ਦਿੱਲੀ ਵਿਖੇ ਅਮਰੀਕੀ ਅੰਬੈਸੀ ਵਿੱਚ ਅਮਰੀਕੀ ਨਾਗਰਿਕ ਸੇਵਾਵਾਂ ਦੇ ਮੁਖੀ ਕੇਲੀ ਲੈਂਡਰੀ ਨੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਢੰਗ-ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਰਾਹੀਂ ਦੂਤਾਵਾਸ ਮੁਸ਼ਕਲ ਸਮੇਂ ਅਮਰੀਕੀ ਨਾਗਰਿਕਾਂ ਦੀ ਮਦਦ ਕਰ ਸਕਦਾ ਹੈ।ਉਨ੍ਹਾਂ ਅਮਰੀਕੀ ਦੂਤਾਵਾਸ ਵਿੱਚ ਨਾਗਰਿਕ ਸੇਵਾਵਾਂ ਨਾਲ ਸਬੰਧਤ ਸੰਪਰਕ ਜਾਣਕਾਰੀ ਵੀ ਸਾਂਝੀ ਕੀਤੀ, ਜਿੱਥੇ ਪ੍ਰੇਸ਼ਾਨੀ ਵਿੱਚ ਫਸੇ ਨਾਗਰਿਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਸੰਪਰਕ ਕਰਨ ਦੀ ਅਪੀਲ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਮੁਸ਼ਕਲ ਵਿੱਚ ਕੋਈ ਵੀ ਅਮਰੀਕੀ ਨਾਗਰਿਕ 11-24198000 ‘ਤੇ ਫੋਨ ਜਾਂ [email protected] ‘ਤੇ ਈਮੇਲ ਰਾਹੀਂ ਅੰਬੈਸੀ ਨਾਲ ਸੰਪਰਕ ਕਰ ਸਕਦਾ ਹੈ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਸੇਵਾਵਾਂ ਦੇ ਮੁਖੀ ਕੇਲੀ ਲੈਂਡਰੀ ਅਤੇ ਵਿਸ਼ੇਸ਼ ਕੌਂਸਲਰ ਸੇਵਾਵਾਂ ਮਾਹਰ ਸੁਰੇਸ਼ ਕੇ. ਮਦਾਨ ਸਮੇਤ ਅਮਰੀਕੀ ਅਧਿਕਾਰੀਆਂ ਦੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ, ਜਿਨ੍ਹਾਂ ਰਾਹੀਂ ਪੀੜਤ ਅਮਰੀਕੀ ਨਾਗਰਿਕਾਂ ਦੀ ਤੁਰੰਤ ਮਦਦ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਅਜਿਹੇ ਵਿਦੇਸ਼ੀ ਨਾਗਰਿਕਾਂ ਦੀ ਸਹਾਇਤਾ ਜਾਂ ਮਦਦ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ, ਜਿਹੜੇ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਸਿੱਧੇ ਤੌਰ ‘ਤੇ ਅਮਰੀਕੀ ਦੂਤਘਰ ਨਾਲ ਸੰਪਰਕ ਕਰਨ ਤੋਂ ਇਲਾਵਾ ਜਲੰਧਰ ਪ੍ਰਸ਼ਾਸਨ ਨਾਲ ਵੀ ਰਾਬਤਾ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅੰਬੈਸੀ ਅਧਿਕਾਰੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਇਸ ਸਬੰਧ ਵਿੱਚ ਜੇਕਰ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੌਰਾਨ, ਦੋਵਾਂ ਧਿਰਾਂ ਦੇ ਅਧਿਕਾਰੀਆਂ ਵਿਚਕਾਰ ਅਜਿਹੇ ਅਮਰੀਕੀ ਨਾਗਰਿਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਾਰਜਵਿਧੀ ਤਿਆਰ ਕਰਨ ਵਾਸਤੇ ਵਿਸਥਾਰਿਤ ਵਿਚਾਰ-ਚਰਚਾ ਹੋਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮਰੀਕੀ ਅੰਬੈਸੀ ਅਤੇ ਇਸ ਦੇ ਲੋੜਵੰਦ ਨਾਗਰਿਕਾਂ ਵਿਚਕਾਰ ਪੁਲ ਦਾ ਕੰਮ ਕੀਤਾ ਜਾਵੇਗਾ।

LEAVE A REPLY

Please enter your comment!
Please enter your name here