ਹੋਮਿਊਪੈਥੀ ਸਸਤੀ ਤੇ ਕਾਰਗਰ ਇਲਾਜ ਪ੍ਰਣਾਲੀ: ਡਾ.ਬਲੀਹਾਰ ਰੰਗੀ

ਜਲੰਧਰ (ਦ ਸਟੈਲਰ ਨਿਊਜ਼)। ਦੋਆਬਾ ਹੋਮਿਊਪੈਥਿਕ ਸਟੱਡੀ ਸਰਕਲ ਜਲੰਧਰ ਵਲੋਂ ਹੋਮਿਊਪੈਥੀ ਦੇ ਜਨਮਦਾਤਾ ਡਾ.ਸੈਮੁਅਲ ਹਨੇਮਨ ਦਾ 267ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸੰਯੁਕਤ ਡਾਇਰੈਕਟਰ ਹੋਮਿਊਪੈਥੀ ਵਿਭਾਗ, ਪੰਜਾਬ ਡਾ. ਬਲੀਹਾਰ ਸਿੰਘ ਰੰਗੀ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਵਿਸ਼ੇਸ਼ ਮਹਿਮਾਨ ਹਨੇਮੇਨੀਅਨ ਐਵਾਰਡੀ ਡਾ. ਰਵਿੰਦਰ ਕੋਛੜ ਨਿਰਦੇਸ਼ਕ ਲਾਰਡ ਮਹਾਂਵੀਰ ਹੋਮਿਊਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ, ਵੈਟਰਨ ਹੋਮਿਊਪੈਥ ਐਵਾਰਡੀ ਡਾ. ਕੇ.ਐਸ.ਪੀ. ਡੋਗਰਾ, ਡਾ. ਸੈਯਦ ਤਨਵੀਰ ਹੂਸੈਨ ਮਲੇਰਕੋਟਲਾ, ਡਾ.ਚਰਨਜੀਤ ਲਾਲ, ਡਾ.ਸ਼ਕਤੀ ਮਹਿੰਦਰੂ ਅਤੇ ਡਾ. ਸੁਭਾਸ਼ ਚੰਦਰ ਨਿਸ਼ਤੰਦਰਾ ਦੀ ਹਾਜ਼ਰੀ ਵਿੱਚ ਡਾ.ਸੈਮੂਅਲ ਹਨੇਮਨ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਅਤੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿੱਚ ਪੰਜਾਬ ਭਰ ਤੋਂ 75 ਤੋਂ ਵੱਧ ਹੋਮਿਊਪੈਥੀ ਡਾਕਟਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਯੁਕਤ ਡਾਇਰੈਕਟਰ ਹੋਮਿਊਪੈਥੀ ਵਿਭਾਗ, ਪੰਜਾਬ ਡਾ.ਬਲੀਹਾਰ ਸਿੰਘ ਰੰਗੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੋਮਿਊਪੈਥੀ ਇਲਾਜ ਪ੍ਰਣਾਲੀ ਦੇ ਪ੍ਰਸਾਰ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਹੋਮਿਊਪੈਥੀ ਇਲਾਜ ਪ੍ਰਣਾਲੀ ਪ੍ਰਤੀ ਵਿਸ਼ਵਾਸ ਵੱਧ ਰਿਹਾ ਹੈ। ਉਨ੍ਹਾਂ ਸਮਾਗਮ ਵਿੱਚ ਹਾਜ਼ਰ ਸਮੂਹ ਹੋਮਿਊਪੈਥੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਹੋਮਿਊਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਕਾਰਗਰ ਅਤੇ ਸਸਤੀ ਇਲਾਜ ਪ੍ਰਣਾਲੀ ਹੈ ਇਸ ਲਈ ਲੋਕਾਂ ਨੂੰ ਇਸ ਇਲਾਜ ਪ੍ਰਣਾਲੀ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਵਲੋਂ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।

Advertisements

ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ.ਰਵਿੰਦਰ ਕੋਛੜ ਅਤੇ ਡਾ. ਕੇ.ਐਸ.ਪੀ. ਡੋਗਰਾ ਵਲੋਂ ਡਾ.ਸੈਮੂਅਲ ਹਨੇਮਨ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਮਿਊਪੈਥੀ ਇਲਾਜ ਪ੍ਰਣਾਲੀ ਦੀ ਮਹੱਤਤਾ ’ਤੇ ਰੌਸ਼ਨੀ ਪਾਈ ਗਈ। ਇਸ ਉਪਰੰਤ ਡਾ.ਚਰਨਜੀਤ ਲਾਲ ਕਨਵੀਨਰ ਦੋਆਬਾ ਹੋਮਿਉਪੈਥੀ ਸਟੱਡੀ ਸਰਕਲ, ਜਲੰਧਰ ਨੇ ਦੱਸਿਆ ਕਿ ਹੋਮਿਊਪੈਥੀ ਦਵਾਈ ਦੀ ਸਹੀ ਚੋਣ ਨਾਲ ਪੁਰਾਣੀਆਂ ਤੇ ਪੇਚੀਦਾ ਬਿਮਾਰੀਆਂ ਨੂੰ ਜਲਦ ਤੇ ਪੱਕੇ ਤੌਰ ’ਤੇ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੋਮਿਊਪੈਥੀ ਇਲਾਜ ਪ੍ਰਣਾਲੀ ਰਾਹੀਂ ਇਕ ਵਾਰ ਬਿਮਾਰੀ ਠੀਕ ਹੋਣ ਨਾਲ ਇਹ ਬਿਮਾਰੀ ਦੁਬਾਰਾ ਨਹੀਂ ਹੁੰਦੀ। ਇਸ ਮੌਕੇ ਡਾ. ਸੈਯਦ ਤਨਵੀਰ ਹੂਸੈਨ ਐਮ.ਡੀ.(ਆਰਗੇਨਨ, ਮਟੇਰੀਆ ਮੈਡੀਕਲ ਅਤੇ ਰੀਪਰਟੋਰੀ) ਵਲੋਂ ਡਾ.ਸੈਮੂਅਲ ਹਨੇਮਨ ਦੇ ਆਰਗੇਨਨ ਦੇ ਛੇਵੇਂ ਅਡੀਸ਼ਨ ਵਿੱਚ ਨਵੀਂ ਖੋਜ 50 ਮਾਈਲਸੀਮਲ ਪੋਟੈਂਸੀ ਬਾਰੇ ਵਿਸ਼ਥਾਰ ਨਾਲ ਰੌਸ਼ਨੀ ਪਾਈ ਗਈ। ਇਸ ਤੋਂ ਇਲਾਵਾ ਡਾ.ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਜਿਨ੍ਹਾਂ ਅਨੇਕਾਂ ਬਿਮਾਰੀਆਂ ਦਾ ਇਲਾਜ ਉਪਰੇਸ਼ਨ ਦੱਸਿਆ ਗਿਆ ਹੈ ਉਨ੍ਹਾਂ ਬਿਮਾਰੀਆਂ ਨੂੰ ਹੋਮਿਊਪੈਥਿਕ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ।

ਉਨ੍ਹਾਂ ਅੱਗੇ ਦਸਿਆ ਕਿ ਹੋਮਿਊਪੈਥਿਕ ਦਵਾਈਆਂ ਸਰੀਰ ਅੰਦਰ ਪ੍ਰਤੀ ਰੋਧਕ ਸ਼ਕਤੀ ਵੀ ਪੈਦਾ ਕਰਦੀਆਂ ਹਨ ਜਿਸ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਮੌਕੇ ਦੋਆਬਾ ਹੋਮਿਊਪੈਥਿਕ ਸਟੱਡੀ ਸਰਕਲ ਦੇ ਆਨਰੇਰੀ ਸਕੱਤਰ ਡਾ. ਸੁਭਾਸ਼ ਚੰਦ ਨਿਸ਼ਤੰਦਰਾ ਨੇ ਦੱਸਿਆ ਕਿ ਦੋਆਬਾ ਹੋਮਿਊਪੈਥਿਕ ਸਟੱਡੀ ਸਰਕਲ ਵਲੋਂ ਡਾ.ਸੈਮੂਅਲ ਹਨੇਮਨ ਦਾ ਜਨਮ ਦਿਵਸ ਪਿਛਲੇ 26 ਸਾਲਾਂ ਤੋਂ ਅਪ੍ਰੈਲ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਡਾ.ਬਲੀਹਾਰ ਸਿੰਘ ਰੰਗੀ ਵਲੋਂ ਡਾ. ਰਵਿੰਦਰ ਕੋਛੜ ਨਿਰਦੇਸ਼ਕ ਮਹਾਂਵੀਰ ਹੋਮਿਊਪੈਥੀ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਅਤੇ ਡਾ.ਕੇ.ਐਸ.ਪੀ. ਡੋਗਰਾ (ਜਲੰਧਰ) ਨੂੰ ਹੋਮਿਊਪੈਥੀ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਹੋਮਿਊਪੈਥੀ ਵਿਭਾਗ, ਪੰਜਾਬ ਵਲੋਂ ਵੈਟਰਨ ਹੋਮਿਊਪੈਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here