ਪੰਜਾਬ ਤੇ ਤੋਹਮਤਾਂ ਲਾਉਣ ਦੀ ਥਾਂ ਤੋਮਰ ਐਮਐਸਪੀ ਦਾ ਗਰੰਟੀ ਕਾਨੂੰਨ ਲਿਆਉਣ: ਬੀਬੀ ਰਾਜਵਿੰਦਰ ਰਾਜੂ

ਜਲੰਧਰ ,(ਦ ਸਟੈਲਰ ਨਿਊਜ਼)। ਪੰਜਾਬ ਰਾ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਨੂੰ ਆਖਿਆ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਖਾਦਾਂ ਅਤੇ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਬੇਲੋੜਾ ਬਦਨਾਮ ਕਰਨਾ ਬੰਦ ਕਰਕੇ ਆਰਗੈਨਿਕ ਖੇਤੀ ਕਰਨ ਲਈ ਸਿਰਫ਼ ਨਸੀਹਤਾਂ ਦੇਣ ਦੀ ਥਾਂ ਬਦਲਵੇਂ ਪ੍ਰਬੰਧਾਂ ਵਜੋਂ ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਅਜਿਹੀਆਂ  ਫ਼ਸਲਾਂ ਲਈ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣ।

Advertisements

ਇੱਥੇ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਵਾਲੇ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਅਗਾਂਹਵਧੂ ਕਿਸਾਨਾਂ ਨੂੰ ਨਸੀਹਤਾਂ ਦੇਣ ਨਾਲੋਂ ਕੁਦਰਤੀ ਖੇਤੀ ਨੂੰ ਮੁਨਾਫ਼ਾਯੋਗ ਬਨਾਉਣ ਲਈ ਖ਼ੁਦ ਵੱਡੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਅਸਫਲ ਰਹਿਣ ਪਿੱਛੋਂ ਉਨ੍ਹਾਂ ਜੁਮਲਿਆਂ ਉੱਤੇ ਪਰਦਾ ਪਾਉਣ, ਸਰਕਾਰ ਦੀਆਂ ਕਮੀਆਂ ਨੂੰ ਛੁਪਾਉਣ, ਜਨਤਾ ਦਾ ਧਿਆਨ ਭਟਕਾਉਣ ਅਤੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਹੀ ਕੇਂਦਰੀ ਮੰਤਰੀ ਅਜਿਹਾ ਦਲੀਲ਼ ਰਹਿਤ ਪ੍ਰਾਪੇਗੰਡਾ ਕਰਕੇ ਅੰਨਦਾਤਾ ਨੂੰ ਬਦਨਾਮ ਕਰਨ ਲੱਗੇ ਹੋਏ ਹਨ।

ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਹਰੇ ਇਨਕਲਾਬ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਮੇਂ ਦੀਆਂ ਸਰਕਾਰਾਂ, ਖੇਤੀ ਯੂਨੀਵਰਸਿਟੀਆਂ ਤੇ ਖੇਤੀ ਵਿਗਿਆਨੀ ਹੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਕਿਸਾਨਾਂ ਨੂੰ ਰਸਾਇਣਕ ਖੇਤੀ ਵੱਲ ਪ੍ਰੇਰਿਤ ਕਰਨ ਦੇ ਜ਼ਿੰਮੇਵਾਰ ਹਨ ਪਰ ਮੋਦੀ ਸਰਕਾਰ ਕਾਰਪੋਰੇਟਾਂ ਦੇ ਫਾਇਦੇ ਲਈ ਉਸ ਤੋਂ ਵੀ ਅੱਗੇ ਨਿਕਲ ਰਹੀ ਹੈ ਜਦਕਿ ਹਰ ਕਿਸਾਨ ਕੁਦਰਤੀ ਖੇਤੀ ਵੱਲ ਪਰਤਣ ਦਾ ਇੱਛਕ ਹੈ ਪਰ ਫਸਲ ਦਾ ਪ੍ਰਤੀ ਏਕੜ ਅੱਧਾ ਝਾੜ ਨਿਕਲਣ ਕਾਰਨ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ, ਪੈਦਾਵਾਰ ਦਾ ਸਹੀ ਮੁੱਲ ਤੇ ਢੁੱਕਵੀਂਆਂ ਮੰਡੀਕਰਨ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਅਜਿਹੀਆਂ ਕੱਚਘਰੜ ਨੀਤੀਆਂ ਸਦਕਾ ਹੀ ਇਸ ਵੇਲੇ ਪੂਰੇ ਦੇਸ਼ ਵਿੱਚ ਸਿਰਫ਼ ਦੋ ਫ਼ੀਸਦ ਹੀ ਕੁਦਰਤੀ ਖੇਤੀ ਹੋ ਰਹੀ ਹੈ।

ਮਹਿਲਾ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ ਕਿਸਾਨਾਂ ਨੂੰ ਸਰਕਾਰ ਦੀਆਂ ਬਦਨਾਮੀ ਨੁਮਾ ਨਸੀਹਤਾਂ ਦੀ ਲੋਡ਼ ਨਹੀਂ ਸਗੋਂ ਕੇਂਦਰ ਜੈਵਿਕ ਖੇਤੀ ਲਈ ਬਦਲਵੇਂ ਪ੍ਰਬੰਧਾਂ ਖਾਤਰ ਠੋਸ ਨੀਤੀ ਅਤੇ ਕੁਦਰਤੀ ਪੈਦਾਵਾਰ ਲਈ ਆਮਦਨ ਦੀ ਗਾਰੰਟੀ ਦਾ ਕਾਨੂੰਨ ਬਣਾਵੇ। ਉਨ੍ਹਾਂ ਨਰੇਂਦਰ ਤੋਮਰ ਨੂੰ ਚਿਤਾਵਨੀ ਦਿੱਤੀ ਕਿ ਉਹ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਤੋਹਮਤਾਂ ਵਾਲਾ ਪ੍ਰਾਪੇਗੰਡਾ ਬੰਦ ਕਰਨ ਨਹੀਂ ਤਾਂ ਮਹਿਲਾ ਕਿਸਾਨਾਂ ਵੱਲੋਂ ਥਾਂ-ਥਾਂ ਉਸਦੇ ਪੁਤਲੇ ਫੂਕੇ ਜਾਣਗੇ ਅਤੇ ਪੰਜਾਬ ਵਿੱਚ ਦਾਖ਼ਲ ਹੋਣ ਤੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।

LEAVE A REPLY

Please enter your comment!
Please enter your name here