ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਖਿਲਾਫ ਬਿਨਾਂ ਕਿਸੇ ਪੱਖਪਾਤ ਦੇ ਸਖਤ ਕਾਰਵਾਈ ਕੀਤੀ ਜਾਵੇ : ਜਥੇ.ਸਾਹੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ੍ਰੋਮਣੀ ਅਕਾਲੀ ਦਲ ਸੰਯੁਕਤ (ਢੀਂਡਸਾ) ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ. ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਇੱਕ ਬਿਆਨ ਰਾਹੀਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੋਹਾਲੀ ਵਿਖੇ ਸਿਸਵਾਂ ਨੇੜੇ ਸੁਖ ਵਿਲਾਸ ਹੋਟਲ ਦੇ ਕੋਲ ਲਾਈਵ ਰੇਡ ਕਰਕੇ ਸਰਕਾਰੀ ਜ਼ਮੀਨ ਤੋਂ ਨਜਾਇਜ ਕਬਜ਼ਾ ਛੁਡਾਉਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਜਮੀਨਾਂ ਤੇ ਨਜਾਇਜ ਕਬਜੇ ਕਰਕੇ ਬੈਠੇ ਅਸਰ ਰਸੂਖ ਵਾਲੇ ਆਗੂਆਂ ਤੋਂ ਪੂਰੇ ਪੰਜਾਬ ’ਚ ਹੀ ਨਜਾਇਜ ਕਬਜੇ ਛੁਡਵਾਉਣ ਲਈ ਆਮ ਜਨਤਾ ਨੂੰ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ।

Advertisements

ਜਥੇ. ਸਾਹੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਇਸ ਜ਼ਮੀਨ ’ਤੇ ਕੈਪਟਨ ਬਿਕਰਮ ਸਿੰਘ ਨੇ 2007 ਤੋਂ ਕਬਜ਼ਾ ਕੀਤਾ ਹੋਇਆ ਸੀ। ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾਅ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਈਵ ਰੇਡ ਕਰਨ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਦਸਤਾਵੇਜ਼ ਲੈ ਕੇ ਪਹੁੰਚੇ ਅਤੇ ਉਕਤ ਜ਼ਮੀਨ ਨੂੰ ਕਬਜ਼ੇ ’ਚੋਂ ਛੁਡਵਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਕਰੋੜਾਂ ਰੁਪਏ ਦੀ ਜ਼ਮੀਨ ਸਰਕਾਰ ਬਣਨ ਉਪਰੰਤ ਸਿਰਫ 1 ਮਹੀਨੇ ਵਿਚ ਛੁਡਾ ਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਕਿਹਾ ਕਿ ਭਾਵੇਂ ਮੈ ਵਿਰੋਧੀ ਪਾਰਟੀ ਵਿਚ ਹਾਂ ਪਰ ਫਿਰ ਵੀ ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ ।
ਸੰਯੁਕਤ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇ. ਸਾਹੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹਾਲੇ ਤਕਰੀਬਨ ਡੇਢ ਮਹੀਨਾ ਵੀ ਨਹੀਂ ਹੋਇਆ , ਪਰ ਸੂਬਾ ਸਰਕਾਰ ਨੇ ਜਿਵੇਂ ਭ੍ਰਿਸ਼ਟਾਚਾਰ, ਨਸ਼ੇ ਸਮਗਲਰਾਂ , ਗੈਂਗਸਟਰਾਂ , ਚੋਰ -ਲੁਟੇਰਿਆਂ ਆਦਿ ਖਿਲਾਫ ਮੁਹਿੰਮ ਆਰੰਭ ਕੀਤੀ ਹੈ ਉਸਤੋਂ ਸਰਕਾਰ ਤੋਂ ਸੂਬੇ ਦੇ ਲੋਕਾਂ ਲਈ ਕੁਝ ਚੰਗਾ ਕਰਨ ਦੀ ਆਸ ਬੱਝੀ ਹੈ । ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖਿਲਾਫ ਇੱਕ ਮਹੀਨੇ ਬਾਅਦ ਹੀ ਸਰਕਾਰ ਫੇਲ੍ਹ ਹੋਣ ਦੇ ਦੋਸ਼ ਲਗਾ ਕੇ ਭੰਡ ਰਹੇ ਹਨ , ਉਨ੍ਹਾਂ ਨੂੰ ਨਵੀਂ ਬਣੀ ਸਰਕਾਰ ਨੂੰ 6 ਮਹੀਨੇ ਦਾ ਸਮਾਂ ਕੰਮ ਕਰਨ ਲਈ ਦੇਣਾ ਚਾਹੀਦਾ ਹੈ ਤੇ ਫਿਰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣੇ ਚਾਹੀਦੇ ਹਨ । ਜਥੇ. ਸਾਹੀ ਨੇ ਕਿਹਾ ਕਿ ਸੂਬੇ ਦੇ ਲੋਕ ਪਿਛਲੀਆਂ ਸੂਬਾ ਸਰਕਾਰਾਂ ਦੇ ਕਾਰਜਕਾਲ ਤੋਂ ਦੁਖੀ ਹਨ , ਜਿਸ ਕਾਰਨ ਤੁਰੰਤ ਬਦਲਾਅ ਭਾਲਦੇ ਹਨ ਪਰ ਮੈ ਇਹ ਕਹਿਣਾ ਚਾਹੁੰਦਾ ਹੈ ਕਿ ਭਗਵੰਤ ਮਾਨ ਕੋਲ ਕੋਈ ਯਾਦੂ ਦੀ ਛੜੀ ਤਾਂ ਹੈ ਨਹੀਂ ਜੋ ਰਾਤੋ-ਰਾਤ ਪੰਜਾਬ ਦੇ ਪਿਛਲੇ 60-70 ਸਾਲਾਂ ਦੇ ਵਿਗੜੇ ਤਾਣੇ ਬਾਣੇ ਨੂੰ ਠੀਕ ਕਰ ਦੇਵੇ , ਇਸ ਲਈ ਸਰਕਾਰ ਨੂੰ ਕੁਝ ਟਾਈਮ ਜਰੂਰ ਦੇਣਾ ਬਣਦਾ ਹੈ ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਹੋਰ ਆਮ ਪਬਲਿਕ ਨੂੰ ਬਿਜਲੀ ਦੇ ਲੰਮੇ ਕੱਟਾਂ ਕਾਰਨ ਹੋ ਰਹੀ ਪ੍ਰੇਸ਼ਾਨੀ ਨੂੰ ਸੂਬਾ ਸਰਕਾਰ ਪਹਿਲ ਦੇ ਆਧਾਰ ਤੇ ਦੂਰ ਕਰੇ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਪ੍ਰਬੰਧ ਕਰੇ ।
ਜਥੇ. ਸਾਹੀ ਨੇ ਪਟਿਆਲਾ ਵਿਖੇ ਸ਼ਿਵ ਸੈਨਾ ਤੇ ਨਿਹੰਗ ਸਿੰਘਾਂ ’ਚ ਹੋਏ ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦਾ ਮਾਹੌਲ ਖੁਰਾਬ ਕਰਨ ਲਈ ਕੀਤੀ ਜਾ ਰਹੀ ਸਾਜਿਸ਼ ਨੂੰ ਸਰਕਾਰ ਬੇਨਕਾਬ ਕਰੇ ਤੇ ਮਾਹੌਲ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾਵੇ ।

LEAVE A REPLY

Please enter your comment!
Please enter your name here