5 ਮਈ ਤੋਂ ਬੰਦ ਹੋਣਗੀਆਂ ਮੰਡੀਆਂ: ਲਾਲ ਚੰਦ ਕਟਾਰੂਚੱਕ

ਚੰਡੀਗੜ, (ਦ ਸਟੈਲਰ ਨਿਊਜ਼)। ਸੂਬੇ ਭਰ ਵਿੱਚ ਕਣਕ ਦੀ ਆਮਦ ਵਿੱਚ ਆਈ ਭਾਰੀ ਗਿਰਾਵਟ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਮੁਕੰਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ  ਜਾਣਕਾਰੀ ਸਾਂਝੀ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਵਿੱਚ ਮੰਡੀਆਂ ਨੂੰ 5 ਮਈ ਤੋਂ ਪੜਾਅਵਾਰ  ਢੰਗ ਨਾਲ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਮੰਡੀ ਬੋਰਡ ਵੱਲੋਂ ਜਾਰੀ ਕੀਤਾ ਜਾਵੇਗਾ। ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਬਾਬਤ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜ੍ਹਤੀਆਂ, ਮੰਡੀ ’ਚ ਕੰਮ ਕਰਨ ਵਾਲੇ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਤੇਜੀ ਨਾਲ ਪਾਉਣ ‘ਤੇ ਤਸੱਲੀ ਪ੍ਰਗਟਾਈ। ਉਨਾਂ ਕਿਹਾ ਕਿ ਅਜਿਹਾ ਖਰਾਬ ਮੌਸਮ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਹੋਇਆ ਹੈ, ਜਿਸ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਅਨਾਜ ਸੁੰਗੜ ਗਿਆ ਸੀ।

Advertisements

ਉਨਾਂ ਕਿਹਾ ਕਿ ਆਲਮੀ ਪੱਧਰ ’ਤੇ ਕਣਕ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਜ਼ਿਆਦਾਤਰ ਰਾਜਾਂ ਵਿੱਚ ਕਣਕ ਦੀ ਸਰਕਾਰੀ ਖਰੀਦ ਵਿੱਚ ਭਾਰੀ ਗਿਰਾਵਟ ਦੇਖੀ ਗਈ , ਪਰ ਇੱਕ ਵਾਰ ਫਿਰ ਪੰਜਾਬ ਨੇ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਕਣਕ  ਦਾ ਯੋਗਦਾਨ ਪਾਉਣ ਵਿੱਚ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ  ਕਿਹਾ ਕਿ ਸੂਬੇ ਨੇ ਹੁਣ ਤੱਕ 93 ਲੱਖ ਟਨ ਤੋਂ ਵੱਧ ਕਣਕ ਦੀ ਖਰੀਦ ਕਰ ਲਈ ਹੈ। ਸੁੰਗੜੇ ਦਾਣਿਆਂ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਵਿੱਚ ਦੇਰੀ ਬਾਰੇ ਪੁੱਛੇ ਸਵਾਲ ‘ਤੇ, ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਮੰਡੀਆਂ ਵਿੱਚੋਂ ਨਮੂਨੇ ਲੈਣ ਲਈ ਅਧਿਕਾਰੀਆਂ ਦਾ ਦੂਜਾ ਸਮੂਹ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਦਾਣਿਆਂ ਦੇ ਸੁੰਗੜਣ ਦੀ ਸਮੱਸਿਆ ਦਾ ਡੂੰਘਾਈ ਨਾਲ ਪਤਾ ਲਗਾਇਆ ਜਾ ਸਕੇ। ਉਨ੍ਹਾਂ ਭਾਰਤ ਸਰਕਾਰ ਦੇ ਦੌਰੇ ‘ਤੇ ਆਏ ਅਧਿਕਾਰੀਆਂ ਨੂੰ ਰਾਜ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here