ਪੰਜਾਬ ਦੀ ਸ਼ਾਨ ਮੁੜ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ: ਮੁੱਖ ਮੰਤਰੀ

ਨਾਗਪੁਰ(ਦ ਸਟੈਲਰ ਨਿਊਜ਼):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਹਰੇਕ ਖੇਤਰ ਵਿੱਚ ਸਾਰੇ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਨੇ ਐਤਵਾਰ ਨੂੰ ਇੱਥੇ ਪ੍ਰਮੁੱਖ ਅਖਬਾਰ ਲੋਕਮਤ ਦੀ ਗੋਲਡਨ ਜੁਬਲੀ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਦੀ ਲਾਹਣਤ ਅਤੇ ਪ੍ਰਦੂਸ਼ਣ ਦੇ ਖਾਤਮੇ ਦੇ ਨਾਲ ਨਾਲ ਰੁਜ਼ਗਾਰ, ਖੇਡਾਂ ਅਤੇ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੇ ਸੁਹਿਰਦ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਹੈ ਜਿਸ ਕਾਰਨ ਸੂਬਾ ਕਦੇ ਫੌਜ ਵਿੱਚ ਆਪਣੇ ਯੋਧਿਆਂ ਦੇ ਸੂਰਮਗਤੀ ਲਈ, ਖੇਡਾਂ ਵਿੱਚ ਮਰਹੂਮ ਦਾਰਾ ਸਿੰਘ ਵਰਗੇ ਖਿਡਾਰੀਆਂ ਦੀ ਖੇਡ ਅਤੇ ਮਿੱਠੇ- ਸ਼ੀਰੇ ਪਾਣੀ ਲਈ ਜਾਣਿਆ ਜਾਂਦਾ ਪੰਜਾਬ ਬਹੁਤ ਪੱਛੜ ਗਿਆ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੂਬੇ ਵਿੱਚ ਨਸ਼ਿਆਂ ਨੇ ਬਹੁਤ ਪੈਰ ਪਸਾਰੇ ਹਨ, ਪਰ ਸਾਡੀ ਸਰਕਾਰ ਇਨਾਂ ਸਾਰੀਆਂ ਲਾਹਣਤਾਂ ਨੂੰ ਠੱਲ ਪਾ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਵੇਗੀ।
ਮੁੱਖ ਮੰਤਰੀ ਨੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਲੋੜ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ‘ਨਸ਼ਿਆਂ ਦੀਆਂ ਸਰਿੰਜਾਂ’ ਨੂੰ ‘ਟਿਫਨ ਬਾਕਸ’ ਨਾਲ ਬਦਲਣ ਦੀ ਲੋੜ ਹੈ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਲਾਹੇਵੰਦ ਰੋਜ਼ਗਾਰ ਨਾਲ ਜੁੜਿਆ ਹੋਵੇ ਉਹ ਦਫਤਰ ਵਿੱਚ ਟਿਫਿਨ ਬਾਕਸ ਲੈ ਕੇ ਜਾਂਦਾ ਹੈ ਅਤੇ ਉਸ ਕੋਲ ਨਸ਼ਾ ਕਰਨ  ਦਾ ਕੋਈ ਸਮਾਂ ਹੀ ਨਹੀਂ ਹੰੁਦਾ। ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮਹਿਜ਼ 50 ਦਿਨਾਂ ਦੇ ਅੰਦਰ ਸੂਬੇ ਦੇ ਨੌਜਵਾਨਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਮੈਰਿਟ ਅਧਾਰਤ ਵਿਧੀ ਰਾਹੀਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਸਬੰਧੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। 

Advertisements

ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ ਕੇ ‘ਨਸ਼ੇ ਦੀਆਂ ਸਰਿੰਜਾਂ’ ਨੂੰ ‘ਟਿਫਨ ਬਾਕਸ’ ਵਿੱਚ ਬਦਲਣ ਦਾ ਲਿਆ ਅਹਿਦ, ‘ਲੋਕਮਤ ਅਖਬਾਰ’ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਕੀਤੀ ਸ਼ਿਰਕਤ  
ਵੰਡਪਾਊ ਰਾਜਨੀਤੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੰਡੀਆਂ ਪਾਉਣ ਵਾਲੀਆਂ ਕੋਝੀਆਂ ਚਾਲਾਂ ਚੱਲਣ ਵਾਲਿਆਂ ਦੇ ਵਿਰੁੱਧ ਦੇਸ਼ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਕੀਤਾ ਗਿਆ ਲੋਕ ਭਲਾਈ ਅਤੇ ਵਿਕਾਸ ਅਧਾਰਤ ਏਜੰਡਾ ਹੀ ਫੁੱਟ ਪਾਊ ਰਾਜਨੀਤੀ ਨੂੰ ਠੱਲ ਪਾਉਣ ਦਾ ਇੱਕੋ ਇੱਕ ਹਥਿਆਰ ਹੈ। ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਾਸੀਆਂ ਨੂੰ ਇੱਕਜੁੱਟ ਹੋ ਕੇ ਸਮਾਜ ਵਿੱਚ ਅਜਿਹੇ ਫਿਰਕੂ ਬੀਜ ਬੀਜਣ ਵਾਲੀਆਂ ਪਾਰਟੀਆਂ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਬਰਤਾਨਵੀ ਸ਼ਾਸਨ ਦੇ 200 ਸਾਲਾਂ ਦੇ ਮੁਕਾਬਲੇ ਨਾਲੋਂ ਵੀ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ।ਉਨਾਂ ਕਿਹਾ ਕਿ ਪੰਜਾਬੀਆਂ ਨੇ ਉਨਾਂ ਦੀ ਸਰਕਾਰ ਨੂੰ ਵੱਡੇ ਫਤਵੇ ਨਾਲ ਸੱਤਾ ਸੌਂਪ ਕੇ ਬਹੁਤ ਮਾਣ ਦਿੱਤਾ ਹੈ ਅਤੇ ਉਹ ਸੂਬੇ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਉਣ ਲਈ ਵਚਨਬੱਧ ਹਨ। ਮਾਨ ਨੇ ਕਿਹਾ ਕਿ ਇਸ ਫਤਵੇ ਨਾਲ ਬਹੁਤ ਸਾਰੀਆਂ ਜਿੰਮੇਵਾਰੀਆਂ ਵੀ ਜੁੜੀਆਂ ਹਨ ਅਤੇ ਉਹ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਰਾਹ-ਦਸੇਰਾ ਮਿਲਿਆ ਹੈ ਜਿਨਾਂ ਕੋਲ ਅਜਿਹੀਆਂ ਵੱਡੀਆਂ ਜਿੰਮੇਵਾਰੀਆਂ ਨਿਭਾਉਣ ਦੀ ਮੁਹਾਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪਹਿਲਾਂ ਹੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ, ਇੱਕ ਵਿਧਾਇਕ ਇੱਕ ਪੈਨਸ਼ਨ, ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਵਰਗੀਆਂ ਹੋਰ ਅਹਿਮ ਪਹਿਲਕਦਮੀਆਂ ਕੀਤੀਆਂ ਹਨ ਜੋ ਪੰਜਾਬ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣਗੀਆਂ। ਉਨਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਹੋਰ ਫੈਸਲੇ ਲਏ ਜਾਣਗੇ। ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲੋਕਮਤ ਅਦਾਰੇ ਨੂੰ ਗੋਲਡਨ ਜੁਬਲੀ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ ਤੇ ਅਧਾਰਤ ਪੱਤਰਕਾਰੀ ਨੂੰ ਬਰਕਰਾਰ ਰੱਖਣ ਲਈ ਅਖ਼ਬਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੁੰਦਾ ਹੈ ਅਤੇ ਇਸ ਨੂੰ ਜਮੀਨੀ ਪੱਧਰ ‘ਤੇ ਜਮਹੂਰੀਅਤ ਨੂੰ ਮਜਬੂਤ ਕਰਨ ਲਈ ਆਪਣਾ ਫਰਜ਼ ਬਾਖੂਬੀ ਨਿਭਾਉਣਾ ਚਾਹੀਦਾ ਹੈ। ਮਾਨ ਨੇ ਮੀਡੀਆ ਨੂੰ ਕੁਝ ਪਾਰਟੀਆਂ ਦੇ ਫੁੱਟ ਪਾਊ ਸਿਆਸੀ ਏਜੰਡੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਅਪੀਲ ਕੀਤੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਕਈ ਹੋਰ ਅਹਿਮ ਹਸਤੀਆਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here