ਵੱਧ ਰਹੀ ਲੂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀ ਵਰਤਣ ਸਾਵਧਾਨੀਆਂ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਤਾਪਮਾਨ ਵੱਧਣ ਦੇ ਮੱਦੇਨਜ਼ਰ ਲੂ (ਗਰਮ ਹਵਾ) ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵੱਧ ਸਕਦਾ ਹੈ, ਇਸ ਲਈ ਲੂ ਤੋਂ ਬਚਣ ਦੇ ਉਪਾਅ ਪ੍ਰਤੀ ਜਾਗਰੂਕਤਾ ਤੇ ਸਾਵਧਾਨੀ ਬਹੁਤ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਰੋਜ਼ਾਨਾ ਦੇ ਮੌਸਮ ਬਾਰੇ ਰੇਡੀਓ, ਟੀ.ਵੀ., ਅਖ਼ਬਾਰਾਂ ਤੇ ਹੋਰ ਸਾਧਨਾਂ ਦੁਆਰਾ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਰੱਖਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟ, ਸਿਵਲ ਸਰਜਨ, ਨਗਰ ਨਿਗਮ, ਨਗਰ ਕੌਂਸਲ ਤੇ ਹੋਰ ਸਬੰਧਤ ਵਿਭਾਗਾਂ ਨੂੰ ਗਰਮ ਹਵਾਵਾਂ ਤੋਂ ਬਚਣ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਹੋਰ ਜ਼ਰੂਰੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ ਵਿਚ ਜੇਕਰ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ।

Advertisements

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਵਾਦਾਰ ਹਲਕੇ ਖਾਦੀ ਦੇ ਕੱਪੜੇ ਪਹਿਨਣ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਣ ਲਈ ਚਸ਼ਮਾ, ਛੱਤ, ਹੈਟ, ਬੂਟ ਆਦਿ ਪਾ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਆਪਣੇ ਨਾਲ ਪਾਣੀ ਜ਼ਰੂਰੀ ਰੱਖਿਆ ਜਾਵੇ। ਜੇਕਰ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਓ.ਆਰ.ਐਸ. ਘੋਲ, ਲੱਸੀ, ਤੋਰਾਨੀ (ਚਾਵਲ ਦਾ ਪਾਣੀ), ਨਿੰਬੂ ਪਾਣੀ ਆਦਿ ਨੂੰ ਸਰੀਰਕ ਜ਼ਰੂਰਤ ਮੁਤਾਬਕ ਸੇਵਨ ਕਰਨ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਲੂ ਲੱਗਣ ਦੇ ਲੱਛਣ ਜਿਵੇਂ ਕਿ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜਲਾ, ਪਸੀਨਾ ਅਤੇ ਦੌਰਾ ਆਦਿ ਪੈਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ਼ ਮਨੁੱਖ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕ ਪਸ਼ੂਆਂ ਨੂੰ ਛਾਂ ਵਿਚ ਰੱਖਣ ਅਤੇ ਸਮੇਂ-ਸਮੇਂ ’ਤੇ ਪਾਣੀ ਪਿਲਾਉਣ। ਇਸ ਤੋਂ ਇਲਾਵਾ ਘਰਾਂ ਨੂੰ ਠੰਡਾ ਰੱਖਿਆ ਜਾਵੇ, ਪਰਦਿਆਂ ਦਾ ਪ੍ਰਯੋਗ ਕੀਤਾ ਜਾਵੇ ਅਤੇ ਰਾਤ ਨੂੰ ਖਿੜਕੀਆਂ ਖੋਲ੍ਹ ਕੇ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਪੱਖਿਆਂ ਦਾ ਪ੍ਰਯੋਗ ਅਤੇ ਠੰਡੇ ਪਾਣੀ ਨਾਲ ਦਿਨ ਵਿਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕੰਮ-ਕਾਜ ਵਾਲੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਠੰਡੇ ਪਾਣੀ ਦਾ ਪ੍ਰਬੰਧ ਕਰਨ, ਸਿੱਧੀ ਧੁੱਪ ਤੋਂ ਪ੍ਰਹੇਜ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਸਮੇਂ ਨੂੰ ਵਧਾਉਣ ਅਤੇ ਵੱਧਦੇ ਤਾਪਮਾਨ ਵਿਚ ਗਰਭਵਤੀ ਮਹਿਲਾਵਾਂ ’ਤੇ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।


ਸ੍ਰੀ ਸੰਦੀਪ ਹੰਸ ਨੇ ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ ’ਤੇ ਅਮਲ ਕਰਨ ’ਤੇ ਵੀ ਜ਼ੋਰ ਦਿੱਤਾ। ਇਨ੍ਹਾਂ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੇ ਕੀਤੇ ਗਏ ਵਾਹਨਾਂ ਵਿਚ ਨਾ ਛੱਡਣਾ, ਤੇਜ਼ ਗਰਮੀ ਵਿਚ ਖਾਸ ਕਰਕੇ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਕੱਢਣ ਤੋਂ ਪ੍ਰਹੇਜ਼ ਕਰਨਾ, ਪੱਕੇ ਰੰਗ ਤੇ ਤੰਗ ਕੱਪੜੇ ਨਾ ਪਹਿਨਣ, ਤਾਪਮਾਨ ਵੱਧ ਹੋਣ ’ਤੇ ਸਰੀਰਕ ਮਿਹਨਤ ਦੇ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਵੱਧ ਹੋਣ ’ਤੇ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਜਗ੍ਹਾ ਹਵਾਦਾਰ ਹੋਣਾ, ਅਲਕੋਹਲ, ਚਾਹ, ਕਾਫੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕ ਤੋਂ ਪ੍ਰਹੇਜ਼ ਕਰਨਾ ਅਤੇ ਵੱਧ ਪ੍ਰੋਟੀਨ ਯੁਕਤ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਲੂ ਤੋਂ ਬਚਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here