ਜਥੇਦਾਰ ਸਾਹੀ ਨੇ ਸੰਗਤਾਂ ਨੂੰ ਭਾਈ ਰਣਜੀਤ ਅਤੇ ਸੂਖਦੇਵ ਢੀਂਡਸਾ ਦੀ ਅਗਵਾਈ ਹੇਠ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਸ਼੍ਰੋਮਣੀ ਅਕਾਲੀ ਦਲ ਸਯੁੰਕਤ (ਢੀਂਡਸਾ) ਦੇ ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਜੋ ਪੰਜ ਮਹੀਨੇ ਦੇ ਵਿਦੇਸ਼ ਦੌਰੇ ਤੇ ਗਏ ਹਨ, ਨੇ ਅੱਜ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਇੰਗਲੈਂਡ ਦੇ ਦੋਵਾਂ ਗੁਰਦੁਆਰਿਆਂ ਦੀ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਜਨਰਲ ਸਕੱਤਰ ਸ.ਹਰਮੀਤ ਸਿੰਘ ਗਿੱਲ,ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਮੈਂਬਰ ਪਰਮਜੀਤ ਸਿੰਘ, ਮੈਂਬਰ ਸ.ਕੁਲਵੰਤ ਸਿੰਘ ਭਿੰਡਰ, ਮੈਂਨਜ਼ਰ ਸ.ਕਰਮਜੀਤ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਸ਼ਿੰਗਾਰਾ ਸਿੰਘ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਤਹਿ ਸਮੇਂ ਤੋਂ ਥੋੜ੍ਹੀ ਦੇਰ ਨਾਲ ਜਥੇਦਾਰ ਸਾਹੀ ਨੂੰ ਆਪਣੇ ਵਿਚਾਰ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ।

Advertisements

ਪਹਿਲਾਂ ਵੱਡੇ ਗੁਰਦੁਆਰੇ ਵਿੱਚ ਰਹਿਰਾਸ ਤੋਂ ਪਹਿਲਾਂ ਇੱਕ ਘੰਟਾ ਪਹਿਲਾਂ ਬੋਲਣ ਲਈ ਟਾਇਮ ਮਿਲਿਆ ਅਤੇ ਦੂਸਰੇ ਗੁਰੂ ਘਰ ਵਿੱਚ ਲਾਈਵ ਚੱਲ ਰਹੇ ਕੀਰਤਨ ਦਰਬਾਰ ਤੋਂ ਬਾਅਦ ਬੋਲਣ ਦਾ ਟਾਇਮ ਫਿਕਸ ਹੋਇਆ। ਦਿੱਤੇ ਸਮੇਂ ਅਨੁਸਾਰ ਦੋਵਾਂ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ ਅਤੇ ਘਰਾਂ ਵਿੱਚ ਲਾਈਵ ਟੈਲੀਕਾਸਟ ਰਾਹੀਂ ਦੇਖ ਰਹੀਆਂ ਸੰਗਤਾਂ ਨੂੰ ਫਤਿਹ ਬੁਲਾ ਕੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਐਨ.ਆਰ.ਆਈ.ਭਰਾਂਵਾਂ ਦੇ ਟੈਲੀਫੋਨਾਂ ਤੇ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਭਾਈ ਰਣਜੀਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨਾਲ ਬੰਦ ਕਮਰਾ ਮੀਟਿੰਗਾਂ ਕਰਕੇ ਕਿਹਾ ਸੀ ਕਿ ਤੁਸੀਂ ਸਾਰੇ ਰਲਕੇ ਮੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ। ਇਸ ਦੇ ਬਦਲੇ ਵਿੱਚ ਮੈਂ ਤੁਹਾਡੀ ਅਗਵਾਈ ਵਾਲੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਸਹਿਯੋਗ ਕਰੇਗੀ ਅਤੇ ਹਰ ਹਾਲਤ ਸਿੱਖ ਧਰਮ ਨੂੰ ਬਚਾਉਣ ਲਈ ਤੁਹਾਡੀ ਹਰ ਤਰ੍ਹਾਂ ਦੀ ਰੱਜ ਕੇ ਮਦਦ ਕਰੇਗੀ। ਜਥੇਦਾਰ ਸਾਹੀ ਨੇ ਅੱਗੇ ਦੱਸਿਆ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੈ। ਬਾਦਲ ਪ੍ਰੀਵਾਰ ਗੁਰੂ ਘਰਾਂ ਦੀਆਂ ਗੋਲਕਾਂ ਰੱਜ ਕੇ ਲੁੱਟ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਤੇ ਬਾਦਲਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕਬਜ਼ੇ ਕੀਤੇ ਹੋਏ ਹਨ। ਜਥੇਦਾਰ ਸਾਹੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਸਾਰੇ ਵਿੱਦਿਅਕ ਅਦਾਰਿਆਂ ਤੇ ਬਾਦਲ ਪ੍ਰੀਵਾਰ ਦਾ ਕਬਜ਼ਾ ਹੈ ਅਤੇ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਾਰੇ ਸਾਰੇ ਹਸਪਤਾਲਾਂ ਦੀ ਕਮਾਈ ਵੀ ਬਾਦਲਾਂ ਕੋਲ ਪਹੁੰਚਦੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਵਿੱਚ ਲੋਕਾਂ ਦੀ ਭਾਰੀ ਲੁੱਟ ਹੋ ਰਹੀ ਹੈ।

ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵੱਲਾ ਵਿਖੇ ਰਾਤ 12 ਵਜੇ ਮੂੰਹ ਮੰਗੇ ਪੈਸੇ ਨਾ ਦੇ ਸਕਣ ਵਾਲੇ ਮਰੀਜ਼ਾਂ ਨੂੰ ਬਾਹਰ ਸੜਕ ਤੇ ਸੁੱਟ ਦਿੱਤਾ ਜਾਂਦਾ ਹੈ, ਇਹ ਭਾਣਾ ਹਰ ਆਏ ਦਿਨ ਵਰਤਦਾ ਆ ਰਿਹਾ ਹੈ,ਪਰ ਇਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਬਾਦਲਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ,ਆਏ ਦਿਨ ਇਹ ਹਾਦਸੇ ਅਖ਼ਬਾਰਾਂ ਵਿੱਚ ਵੀ ਛੱਪਦੇ ਹਨ। ਗਰੀਬ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬੜੇ ਭਾਵੁਕ ਲਹਿਜ਼ੇ ਵਿੱਚ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੇ ਸਨਮੁੱਖ ਦੋ ਨਿਸ਼ਾਨ ਸਾਹਿਬ ਲਗਾਏ ਹਨ, ਇੱਕ ਉੱਚਾ ਤੇ ਦੂਸਰਾ ਕੁਝ ਨੀਵਾਂ ਲਗਾਇਆ ਸੀ। ਗੁਰਸਿੱਖਾਂ ਦੇ ਪੁੱਛਣ ਤੇ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਇਹ ਨਿਸ਼ਾਨ ਸਾਹਿਬ ਵੱਡੇ ਛੋਟੇ ਕਿਉਂ ਲਗਾਏ ਗਏ ਹਨ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਮੀਰੀ ਪੀਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਚੇ ਨਿਸ਼ਾਨ ਸਾਹਿਬ ਜੀ ਦਾ ਮਤਲਬ ਹੈ ਕਿ ਧਰਮ ਉੱਚਾ ਰਹੇਗਾ ਅਤੇ ਨੀਵੇਂ ਨਿਸ਼ਾਨ ਸਾਹਿਬ ਜੀ ਦਾ ਮਤਲਬ ਹੈ ਕਿ ਸਿਆਸਤ ਹਮੇਸ਼ਾ ਨੀਵੀਂ ਰਹੇਗੀ ਇਹ ਮੇਰਾ ਮੀਰੀ ਪੀਰੀ ਦਾ ਸਿਧਾਂਤ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਬਾਦਲ ਪ੍ਰੀਵਾਰ ਨੇ ਪੰਜਾਬ ਦੇ ਲੋਕਾਂ ਦੀ ਤਾਂ ਕੀ ਕਦਰ ਕਰਨੀ ਸੀ,ਬਾਦਲ ਪ੍ਰੀਵਾਰ ਨੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਧਾਂਤਾਂ ਨੂੰ ਵੀ ਪਲਟ ਦਿੱਤਾ ਹੈ ਅਤੇ ਸਿਆਸਤ ਨੂੰ ਉੱਚਾ ਤੇ ਧਰਮ ਨੂੰ ਨੀਵਾਂ ਦਿਖਾ ਕੇ ਬਾਦਲ ਪ੍ਰੀਵਾਰ ਧਰਮ ਤੇ ਕਬਜ਼ਾ ਕਰ ਕੇ ਬੈਠ ਗਿਆ ਹੈ।

ਜਥੇਦਾਰ ਸਾਹੀ ਨੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਸ੍ਰੀ ਆਕਾਲ ਤਖਤ ਦੇ ਜਥੇਦਾਰ, ਹੋਰਾਂ ਚਾਰ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ 11 ਮੈਂਬਰੀ ਐਗਜੈਕਿਟਿਵ ਕਮੇਟੀ ਵੀ ਬਾਦਲਾਂ ਦੇ ਲਿਫਾਫਿਆਂ ਵਿੱਚੋਂ ਨਿਕਲਦੇ ਹਨ। ਉਹਨਾਂ ਸਿਖ ਕੌਮ ਦੀ ਅਗਵਾਈ ਕੀ ਕਰਨੀ ਹੈ, ਅਤੇ ਸਿੱਖ ਧਰਮ ਦੇ ਪ੍ਰਚਾਰ ਦਾ ਨਾਮੋਂ ਨਿਸ਼ਾਂਨ ਨਹੀਂ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਗੁਰਬਚਨੇ ਬੁੱਚੜ ਵਰਗੇ ਅਕਾਲ ਤਖ਼ਤ ਦੇ ਜਥੇਦਾਰ ਆਪਣੇ ਨਾਲ ਹੋਰ ਚਾਰ ਜਥੇਦਾਰ ਲੈ ਕਿ ਚੰਡੀਗੜ੍ਹ ਸਥਿਤ ਬਾਦਲ ਦੀ ਕੋਠੀ ਵਿੱਚ ਜਾ ਕੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਫੁਰਮਾਨ ਲੈ ਕਿ ਆਏ ਅਤੇ ਅਕਾਲ ਤਖ਼ਤ ਤੇ ਖਲੋ ਕਿ ਉਸ ਨੂੰ ਪੜ੍ਹ ਕੇ ਜ਼ਬਰੀ ਸਿੱਖ ਕੌਮ ਦੇ ਸਿਰ ਮੜ ਦਿੱਤਾ ਅਤੇ ਫਿਰ ਸਿੱਖਾਂ ਅੰਦਰ ਰੋਹ ਤੋਂ ਘਬਰਾਉਂਦੇ ਹੋਏ ਬਾਦਲ ਦੇ ਇਸ਼ਾਰਿਆਂ ਤੇ ਵਾਪਿਸ ਲੈ ਲਿਆ ਸੀ। ਜਥੇਦਾਰ ਸਾਹੀ ਨੇ ਕਿਹਾ ਕੀ ਇਹ ਸ੍ਰੀ ਆਕਾਲ ਤਖਤ ਦੇ ਜਥੇਦਾਰ ਕਹਾਉਣ ਦੇ ਲਾਇਕ ਹਨ। ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਜੀ ਇੱਕ ਵਾਹਿਦ ਜਰਨੈਲ ਹਨ,ਜੋ ਬਾਦਲਾਂ ਦੇ ਖਿਲਾਫ ਰੱਜ ਕੇ ਪ੍ਰਚਾਰ ਕਰਦੇ ਆ ਰਹੇ ਹਨ। ਹੁਣ ਪੰਜਾਬ ਦੀਆਂ ਸੰਗਤਾਂ ਨੇ ਪ੍ਰਵਾਨਗੀ ਦਿੱਤੀ ਹੈ ਕਿ ਜਥੇਦਾਰ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਭਾਈ ਮੋਹਕਮ ਸਿੰਘ ਜੀ, ਭਾਈ ਬਲਦੇਵ ਸਿੰਘ ਵਡਾਲਾ,ਸ.ਸੁਖਦੇਵ ਸਿੰਘ ਢੀਂਡਸਾ ਜੀ ਅਤੇ ਸ.ਰਵੀਇੰਦਰ ਸਿੰਘ ਸ਼ਾਮਿਲ ਹੋਣਗੇ।

ਇਸ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਫਤਿਹ ਹਾਸਿਲ ਕੀਤੀ ਜਾਵੇਗੀ। ਜਥੇਦਾਰ ਜੁਗਰਾਜ ਸਾਹੀ ਨੇ ਕਿਹਾ ਕਿ ਬੜੇ ਲੰਬੇ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ ਕਰਵਾਈ ਜਾਵੇਗੀ। ਨਵੀਂ ਬਣੀ ਸ਼੍ਰੋਮਣੀ ਕਮੇਟੀ ਗੁਰੂ ਘਰਾਂ ਦੀਆਂ ਗੋਲਕਾਂ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਗੁਰੂ ਦੀ ਗੋਲਕ, ਗਰੀਬਾਂ ਦਾ ਮੂੰਹ ਬਣਾਵੇਗੀ। ਪਹਿਲਾਂ ਲੋਕਾਂ ਨੂੰ ਪਤਾ ਸੀ ਕਿ ਗੁਰੂ ਦੀ ਗੋਲਕ, ਬਾਦਲਾਂ ਦਾ ਮੂੰਹ ਬਣੀਂ ਹੋਈ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਨਵੀਂ ਬਣਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਿੱਦਿਅਕ ਅਦਾਰਿਆਂ ਵਿੱਚ ਅਤੇ ਗੁਰੂ ਘਰਾਂ ਦੇ ਚੱਲ ਰਹੇ ਹਸਪਤਾਲਾਂ ਵਿੱਚ ਜੰਗੀ ਪੱਧਰ ਤੇ ਸੁਧਾਰ ਲਿਆਵੇਗੀ਼। ਇਸ ਦਾ ਜਵਾਬ ਸੰਗਤਾਂ ਨੇ ਆਕਾਸ਼ ਗਜਾਊਂ ਜੈਕਾਰਿਆਂ ਨਾਲ ਦਿੱਤਾ। ਜਥੇਦਾਰ ਸਾਹੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਚੋਣ-ਪਰਨਾਲੀ ਰਾਂਹੀ ਹੋਇਆ ਕਰੇਗੀ। ਸਾਰੇ ਤਖਤਾਂ ਦੇ ਜਥੇਦਾਰਾਂ ਦੀ ਚੋਣ ਸਰਬੱਤ ਖਾਲਸਾ ਇਕੱਠ ਸੱਦ ਕਿ ਸਰਬੱਤ ਖਾਲਸਾ ਦੀ ਸਹਿਮਤੀ ਨਾਲ ਹੋਇਆ ਕਰੇਗੀ।

ਇਸ ਤੇ ਫਿਰ ਗੁਰੂ ਘਰ ਵਿੱਚ ਜੈਕਾਰੇ ਗੂੰਜਦੇ ਰਹੇ। ਜਥੇਦਾਰ ਸਾਹੀ ਨੇ ਅੱਗੇ ਦੱਸਿਆ ਕਿ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਅਨੁਸਾਰ ਪੰਜਾਂ ਕੱਕਾਰਾਂ ਦੇ ਧਾਰਨੀ ਹੋਣਗੇ ਅਤੇ ਗੁਰੂ ਦੀ ਸੋਚ ਤੇ ਪਹਿਰਾ ਦੇਣ ਵਾਲੇ ਹੋਣਗੇ। ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਬੜੇ ਅਦਬ -ਸਤਿਕਾਰ ਨਾਲ ਵਿਦੇਸ਼ਾਂ ਵਿੱਚ ਵੱਸਦੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਰਵੀਂ ਅਪੀਲ ਕੀਤੀ ਕਿ ਉਹ 20 ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਸਾਨੂੰ ਭਰਵਾਂ ਸਹਿਯੋਗ ਦੇਣ, ਜਿਸ ਨਾਲ ਗੁਰੂ ਘਰਾਂ ਦੀਆਂ ਗੋਲਕਾਂ ਬਚਾਈਆਂ ਜਾ ਸਕਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅੱਕ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਂਦੇ ਜਾ ਸਕਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਅਧੀਨ ਚੱਲ ਰਹੇ ਹਸਪਤਾਲਾਂ ਵਿੱਚ ਜੰਗੀ ਪੱਧਰ ਤੇ ਸੁਧਾਰ ਕੀਤਾ ਜਾ ਸਕੇ। ਅਤੀ ਜ਼ਰੂਰੀ ਗਰੀਬ ਲੋਕਾਂ ਦਾ ਇਲਾਜ ਮੁਫ਼ਤ ਕੀਤਾ ਜਾ ਸਕੇ।

ਜਥੇਦਾਰ ਸਾਹੀ ਵੱਲੋਂ ਇਹ ਸ਼ਬਦ ਕਹਿਣ ਦੀ ਦੇਰ ਸੀ ਕਿ ਗੁਰੂ ਘਰ ਦਾ ਹਾਲ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਤੋਂ ਉਪਰੰਤ ਦੂਸਰੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਕੀਰਤਨ ਦਰਬਾਰ ਤੋਂ ਬਾਅਦ ਦੇਰ ਰਾਤ ਤੱਕ ਕਰੀਬ ਇੱਕ ਘੰਟਾ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਸੰਬੋਧਨ ਕੀਤਾ ਅਤੇ ਗੁਰੂ ਘਰ ਵਿੱਚ ਆਪਣੇ ਭਾਸ਼ਣ ਰਾਹੀਂ ਬਾਦਲ ਪ੍ਰੀਵਾਰ ਦੀਆਂ ਸਿੱਖਾਂ ਪ੍ਰਤੀ ਘਿਨਾਉਣੀਆਂ ਘਟਨਾਵਾਂ ਸੁਣਾਈਆਂ ਤੇ ਬਾਦਲਾਂ ਦੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੇ ਖਾਸ ਕਰਕੇ ਬਜ਼ੁਰਗ ਬਾਦਲ ਦੀ 95 ਸਾਲ ਦੀ ਉਮਰ ਵਿੱਚ ਹੋਈ ਹਾਰ ਤੇ ਬਾਦਲ ਕੁਰਸੀ ਮੋਹ ਗਰਦਾਨਿਆਂ ਰੱਜ ਕਿ ਬਾਦਲ ਪਰਿਵਾਰ ਦੇ ਪਰਖੱਚੇ ਊਡਾਏ।

LEAVE A REPLY

Please enter your comment!
Please enter your name here