ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ 23 ਨੂੰ ਪੁੱਜੇਗੀ ਪਟਿਆਲਾ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼): ਭਾਰਤ ‘ਚ ਪਹਿਲੀ ਵਾਰ ਆਯੋਜਿਤ ਹੋਣ ਵਾਲੀ 44ਵੀਂ ਸ਼ਤਰੰਜ ਓਲੰਪੀਆਡ ਦੇ ਸਬੰਧੀ ਇਤਿਹਾਸ ‘ਚ ਪਹਿਲੀ ਵਾਰ ਅਰੰਭ ਕੀਤੀ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ 23 ਜੂਨ ਨੂੰ ਪਟਿਆਲਾ ਪੁੱਜੇਗੀ। ਇਸ ਸ਼ਤਰੰਜ ਮਸ਼ਾਲ ਦਾ ਇੱਥੇ ਐਨ.ਆਈ.ਐਸ. ਵਿਖੇ ਪ੍ਰਭਾਵਸ਼ਾਲੀ ਸਵਾਗਤ ਕਰਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ (ਸੇਵਾ ਮੁਕਤ) ਰਾਜ ਸਿੰਘ ਬਿਸ਼ਨੋਈ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 19 ਜੂਨ ਨੂੰ ਨਵੀਂ ਦਿੱਲੀ ਤੋਂ ਚੈੱਸ ਓਲੰਪੀਆਡ ਮਸ਼ਾਲ ਰਿਲੇਅ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜਾਣ ਲਈ ਰਵਾਨਾ ਕੀਤਾ ਗਿਆ ਸੀ ਜੋਕਿ 23 ਜੂਨ ਨੂੰ ਪਟਿਆਲਾ ਵਿਖੇ ਪੁੱਜੇਗੀ ਅਤੇ ਇਸ ਦਾ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ, ਪੰਜਾਬ ਸਟੇਟ ਚੈੱਸ ਐਸੋਸੀਏਸ਼ਨ, ਜ਼ਿਲ੍ਹਾ ਪ੍ਰਸ਼ਾਸਨ, ਖੇਡ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸਾਕਸ਼ੀ ਸਾਹਨੀ ਨੇ ਇਸ ਮੌਕੇ ਨਹਿਰੂ ਯੁਵਾ ਕੇਂਦਰ, ਖੇਡ ਵਿਭਾਗ, ਪੁਲਿਸ, ਨਗਰ ਨਿਗਮ ਤੇ ਹੋਰ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਸ਼ਤਰੰਜ ਮਸ਼ਾਲ ਦੀ ਆਮਦ ‘ਤੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਸਵਾਗਤ, ਮਸ਼ਾਲ ਨਾਲ ਸੈਲਫ਼ੀ, ਸੱਭਿਆਚਾਰਕ ਪ੍ਰੋਗਰਾਮ, ਸ਼ਤਰੰਜ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨਾਲ ਨੌਜਵਾਨ ਖਿਡਾਰੀਆਂ ਵੱਲੋਂ ਸ਼ਤਰੰਜ ਦੀ ਖੇਡ ਆਦਿ ਪ੍ਰੋਗਰਾਮ ਹੋਣਗੇ। ਇਸ ਤੋਂ ਬਾਅਦ ਮਸ਼ਾਲ ਲੁਧਿਆਣਾ ਅਤੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।

ਮੀਟਿੰਗ ‘ਚ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਸਥਾਨਕ ਹਰਕੰਵਲ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਐਨ.ਆਈ.ਐਸ. ਦੇ ਡਿਪਟੀ ਡਾਇਰੈਕਟਰ ਗੌਰਵ ਰਾਵਤ, ਪੰਜਾਬ ਸਟੇਟ ਚੈਸ ਐਸੋਸੀਏਸ਼ਨ ਦੇ ਖ਼ਜ਼ਾਨਚੀ ਤੇ ਕੌਮਾਂਤਰੀ ਮੈਡਲ ਜੇਤੂ ਪੰਕਜ ਸ਼ਰਮਾ ਤੇ ਅੰਕੁਸ਼ ਕਥੂਰੀਆ, ਡੀ.ਐਸ.ਪੀ. ਸਿਟੀ-1 ਸੌਰਵ ਜਿੰਦਲ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ, ਐਨ.ਵਾਈ.ਕੇ. ਦੇ ਜ਼ਿਲ੍ਹਾ ਕੁਆਰਡੀਨੇਟਰ ਨੇਹਾ ਸ਼ਰਮਾ, ਟੂਰਿਸਟ ਅਫ਼ਸਰ ਹਰਦੀਪ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ 28 ਜੁਲਾਈ ਤੋਂ 10 ਅਗਸਤ 2022 ਤੱਕ ਚੇਨਈ ਵਿਖੇ ਹੋਣ ਵਾਲੀ ਇਸ 44ਵੀਂ ਸ਼ਤਰੰਜ ਓਲੰਪੀਆਡ ‘ਚ 190 ਦੇਸ਼ਾਂ ਦੇ ਕਰੀਬ 3000 ਖਿਡਾਰੀ ਹਿੱਸਾ ਲੈਣਗੇ ਤੇ ਸ਼ਤਰੰਜ ਦੀ ਖੇਡ ਸ਼ੁਰੂ ਕਰਨ ਵਾਲਾ ਭਾਰਤ ਦੇਸ਼ ਇਸ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਲੋ ਇੰਡੀਆ ਦੀ ਤਰਜ ‘ਤੇ ‘ਖੇਲੋ ਸ਼ਤਰੰਜ’ ਨੂੰ ਪੂਰੇ ਦੇਸ਼ ‘ਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸ਼ਤਰੰਜ ਸੰਸਥਾ ਐਫ.ਆਈ.ਡੀ.ਈ. ਨੇ ਪਹਿਲੀ ਵਾਰ ਓਲੰਪੀਆਡ ਮਸ਼ਾਲ ਦੀ ਸਥਾਪਨਾ ਕੀਤੀ ਹੈ ਤੇ ਭਾਰਤ ‘ਚ ਇਹ ਮਸ਼ਾਲ ਰਿਲੇ ਪਹਿਲੀ ਵਾਰ ਦੇਸ਼ ਦੇ 75 ਸ਼ਹਿਰਾਂ ‘ਚ ਪੁੱਜ ਰਹੀ ਹੈ ਅਤੇ ਪਟਿਆਲਾ ਇਸ ਦਾ ਸਵਾਗਤ ਕਰਨ ਲਈ ਤਿਆਰ ਹੈ।

LEAVE A REPLY

Please enter your comment!
Please enter your name here