ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਪ੍ਰਮੁੱਖ ਉਦਯੋਗਿਕ ਪ੍ਰਾਜੈਕਟਾਂ ਦੀ ਸਮੀਖਿਆ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਅੰਦਰ ਸਥਾਪਤ ਹੋ ਰਹੇ ਅਤੇ ਹੋ ਚੁੱਕੇ ਪ੍ਰਮੁੱਖ ਉਦਯੋਗਿਕ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਨ੍ਹਾਂ ਪ੍ਰਾਜੈਕਟਾਂ ਲਈ ਰੈਗੂਲੇਟਰੀ ਕਲੀਅਰੈਂਸ ਪ੍ਰਾਪਤ ਕਰਨ ‘ਚ ਆ ਰਹੀਆਂ ਮੁਸ਼ਕਿਲਾਂ ਜਾਣਨ ਲਈ ਇੱਕ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹੈ, ਜਿਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਉਦਯੋਗਾਂ ਨਾਲ ਸਬੰਧਤ ਪ੍ਰਾਜੈਕਟਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਦੇ ਨਿਪਟਾਰੇ ਲਈ ਸਿੰਗਲ ਵਿੰਡੋ ਪ੍ਰਣਾਲੀ ਕਾਰਜਸ਼ੀਲ ਹੈ।

Advertisements

ਡਿਪਟੀ ਕਮਿਸ਼ਨਰ ਨੇ ਵਿਵਿਧਾ ਇਨਫਰਾਸਟਰਕਚਰ, ਏਸ਼ੀਅਨ ਫਾਈਨ ਸੀਮਿੰਟ, ਟਿਊਬ ਇਨਵੈਸਟਮੈਂਟ ਆਫ਼ ਇੰਡੀਆ ਯੂਨਿਟ ਟੀ.ਆਈ. ਸਾਈਕਲਜ ਆਫ਼ ਇੰਡੀਆ, ਟਿਊਬ ਇਨਵੈਸਟਮੈਂਟ, ਮਨੋਹਰ ਪੈਕੇਜਿੰਗ, ਬੈਕਟਰਜ਼ ਫੂਡ ਸਪੈਸ਼ਲਿਟੀਜ਼, ਅਲਟਰਾਟੈਕ ਸੀਮਿੰਟ, ਜੇ.ਐਸ.ਡਬਲਿਊ ਸਟੀਲ ਕੋਟਡ ਪ੍ਰੋਡਕਟਸ, ਸਨਜਿਨ ਇੰਡੀਆ ਫੀਡਜ਼ ਅਤੇ ਏਅਰ ਲਿਕੁਇਡ ਨੌਰਥ ਇੰਡੀਆ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਰ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਉਦਯੋਗਾਂ ਨਾਲ ਸਬੰਧਤ ਮਸਲਿਆਂ ਬਾਬਤ ਸਬੰਧਤ ਵਿਭਾਗਾਂ ਦੀ ਮੀਟਿੰਗ ਕੀਤੀ ਜਾਂਦੀ ਹੈ, ਇਸ ਲਈ ਉਦਯੋਗਾਂ ਦੇ ਨੁਮਾਇੰਦੇ ਆਪਣੇ ਨੁਕਤੇ ਸਾਂਝੇ ਕਰਨ ਲਈ ਜੀ.ਐਮ. ਡੀ.ਆਈ.ਸੀ. ਨਾਲ ਰਾਬਤਾ ਕਰਨ। ਉਨ੍ਹਾਂ ਨੇ ਸਨਅਤਾਂ ਨੂੰ ਆਪਣੀ ਲੋੜ ਮੁਤਾਬਕ ਮਨੁੱਖੀ ਸ਼ਕਤੀ ਤੇ ਹੁਨਰਮੰਦ ਕਾਮੇ ਹਾਸਲ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਸਹਾਇਤਾ ਲੈਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਰਜਿਸਟਰਡ ਫੈਕਟਰੀਆਂ ਆਨਲਾਈਨ ਪੋਰਟਲ ਪੀਬੀਲੇਬਰ ਡਾਟ ਜੀਓਵੀ ਡਾਟ ਇਨ ‘ਤੇ ਜਾ ਕੇ ਸੈਲਫ਼ ਸਰਟੀਫਿਕੇਟ ਦੇਣ ਤਾਂ 3 ਸਾਲ ਤੱਕ ਕਿਰਤ ਵਿਭਾਗ ਦੀ ਇੰਸਪੈਕਸ਼ਨ ਨਹੀਂ ਹੋਵੇਗੀ। ਉਨ੍ਹਾਂ ਨੇ ਏ.ਡੀ.ਸੀ. (ਸ਼ਹਿਰੀ ਵਿਕਾਸ) ਨੂੰ ਸਨਅਤਾਂ ‘ਚ ਅੱਗ ਬੁਝਾਊ ਤਕਨੀਕਾਂ ਤੇ ਯੰਤਰਾਂ ਤੋਂ ਇਲਾਵਾ ਫੈਕਟਰੀ, ਕਿਰਤ ਵਿਭਾਗ ਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਬਾਰੇ ਕੀਤੇ ਪ੍ਰਬੰਧਾਂ ਬਾਰੇ ਉਦਯੋਗਾਂ ਦੀ ਗ੍ਰੇਡਿੰਗ ਕਰਨ ਲਈ ਕਿਹਾ। ਉਨ੍ਹਾਂ ਨੇ ਸੀ.ਐਸ.ਆਰ. ਦੇ ਤਰਜੀਹੀ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਨਅਤਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਜੀ.ਐਮ. ਡੀ.ਆਈ.ਸੀ. ਅੰਗਦ ਸਿੰਘ ਸੋਹੀ, ਜ਼ਿਲ੍ਹਾ ਟਾਊਨ ਪਲਾਨਰ ਹਰਿੰਦਰ ਸਿੰਘ ਸੰਧੂ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨਵਤੇਸ਼ ਸਿੰਗਲਾ, ਪੰਜਾਬ ਰਾਜ ਬਿਜਲੀ ਨਿਗਮ ਦੇ ਵਧੀਕ ਐਸ.ਈ. ਐਸ.ਪੀ. ਸਿੰਘ, ਡਿਪਟੀ ਡਾਇਰੈਕਟਰ ਫੈਕਟਰੀ ਨਰਿੰਦਰ ਪਾਲ ਸਿੰਘ, ਸਹਾਇਕ ਕਿਰਤ ਕਮਿਸ਼ਨਰ ਜਗਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here