ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ‘ਚ ਕੋਈ ਕੁਤਾਹੀ ਨਾ ਵਰਤੀ ਜਾਵੇ: ਸਾਕਸ਼ੀ ਸਾਹਨੀ

ਪਟਿਆਲਾ (ਦ ਸਟੈਲਰ ਨਿਊਜ਼): ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ‘ਚ ਪਿੰਡ ਸ਼ਾਮਦੂ ਅਤੇ ਝਿੱਲ ਵਿਖੇ ਡਾਇਰੀਆ ਦੇ ਮਾਮਲੇ ਸਾਹਮਣੇ ਆਉਣ ‘ਤੇ ਜ਼ਿਲ੍ਹਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਸਮੇਤ ਭਵਿੱਖ ‘ਚ ਅਜਿਹੀ ਕਿਸੇ ਬਿਮਾਰੀ ਤੋਂ ਲੋਕਾਂ ਦੇ ਬਚਾਅ ਲਈ ਸਬੰਧਤ ਵਿਭਾਗਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਲਟੀਆਂ ਤੇ ਦਸਤ ਆਦਿ ਲੱਗਣ ਦੀ ਸੂਰਤ ‘ਚ ਓ.ਆਰ.ਐਸ. ਦਾ ਘੋਲ ਪੀਣ ਤੇ ਤੁਰੰਤ ਡਾਕਟਰੀ ਸਹਾਇਤਾ ਹਾਸਲ ਕੀਤੀ ਜਾਵੇ।
ਦੇਰ ਸ਼ਾਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ‘ਚ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ‘ਚ ਪੀਣ ਵਾਲੇ ਪਾਣੀ ਸਬੰਧੀ ਸੰਵੇਨਸ਼ੀਲ (ਹਾਟ-ਸਪਾਟ) ਇਲਾਕਿਆਂ ‘ਤੇ ਨਜ਼ਰ ਰੱਖੀ ਜਾਵੇ ਤੇ ਇਨ੍ਹਾਂ ਖੇਤਰਾਂ ‘ਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ‘ਚ ਪਾਣੀ ਦੇ ਅਣ-ਅਧਿਕਾਰਤ ਕੁਨੈਕਸ਼ਨਾਂ ਦੀ ਜਾਂਚ ਲਈ ਬਣਾਏ ਉਡਣ ਦਸਤਿਆਂ ਦੀ ਰਿਪੋਰਟ ਰੋਜ਼ਾਨਾ ਅਧਾਰ ‘ਤੇ ਵਿਚਾਰੀ ਜਾਵੇ। ਇਸ ਤੋਂ ਬਿਨ੍ਹਾਂ ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ ਉਪਲਬਧ ਕਰਵਾਉਣ ‘ਚ ਕੋਈ ਕੁਤਾਹੀ ਨਾ ਵਰਤੀ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਿੰਡਾਂ ‘ਚ ਪੀਣ ਵਾਲੇ ਪਾਣੀ ਨਾਲ ਸਬੰਧਤ ਸ਼ਿਕਾਇਤਾਂ ਲਈ ਪਹਿਲਾਂ ਤੋਂ ਹੀ ਸ਼ਿਕਾਇਤ ਨਿਵਾਰਨ ਟੋਲ ਫ਼ਰੀ ਹੈਲਪਲਾਈਨ 18001802468 ਚੱਲ ਰਹੀ ਹੈ, ਜਿਸ ਨੂੰ ਰੋਜ਼ਾਨਾ ਅਧਾਰ ‘ਤੇ ਮੋਨੀਟਰ ਕੀਤਾ ਜਾਵੇ ਅਤੇ ਸ਼ਹਿਰੀ ਖੇਤਰਾਂ ਲਈ ਨਗਰ ਨਿਗਮ ਕਮਿਸ਼ਨਰ ਤੇ ਏ.ਡੀ.ਸੀ. ਸ਼ਹਿਰੀ ਵਿਕਾਸ ਵੱਲੋਂ ਵੀ ਇੱਕ ਹੈਲਪਲਾਈਨ ਸਥਾਪਤ ਕੀਤੀ ਜਾਵੇ।
ਉਨ੍ਹਾਂ ਨੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਲੋਕਾਂ ਨੇ ਅਜੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਨਹੀਂ ਲਏ, ਉਹ ਮੁਫ਼ਤ ‘ਚ ਮਿਲਣ ਵਾਲੇ ਕੁਨੈਕਸ਼ਨ ਤੁਰੰਤ ਲੈਣ ਅਤੇ ਇਨ੍ਹਾਂ ਦਾ ਬਿਲ ਵੀ ਮਾਮੂਲੀ ਰਕਮ 50 ਰੁਪਏ ਹੀ ਆਉਂਦਾ ਹੈ, ਜੋ ਕਿ ਆਸਾਨੀ ਨਾਲ ਭਰਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, ਸਰਕਾਰੀ ਇਮਾਰਤਾਂ ਆਦਿ ਦੀਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਤੁਰੰਤ ਸਾਫ਼ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਅਤੇ ਲੋਕਾਂ ਨੂੰ ਪੀਣ ਲਈ ਕੇਵਲ ਸਾਫ਼ ਪਾਣੀ ਤੇ ਬਰਸਾਤਾਂ ਦੇ ਮੌਸਮ ‘ਚ ਉਬਾਲ ਕੇ ਠੰਢਾ ਕੀਤਾ ਪਾਣੀ ਹੀ ਪੀਣ ਲਈ ਮੁਨਾਦੀ ਕਰਵਾਉਣ ਲਈ ਵੀ ਕਿਹਾ। ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤਾਂ ਦੇ ਮੌਸਮ ਕਰਕੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਤੋਂ ਵੀ ਬਚਾਉਣ ਲਈ ਤੁਰੰਤ ਕਦਮ ਉਠਾਏ ਜਾਣ।
ਮੀਟਿੰਗ ‘ਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਸਮੇਤ ਜਲ ਸਪਲਾਈ ਤੇ ਸੀਵਰੇਜ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here