ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਰਾਸ਼ਟਰੀ ਡਾਕਟਰਜ਼ ਦਿਵਸ 

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਨੇ ਸਰਕਾਰ ਵੱਲੋਂ ਪ੍ਰਾਪਤ ਹਿਦਾਇਤਾਂ ਦੀ ਰੌਸ਼ਨੀ ਵਿੱਚ ਰਾਸ਼ਟਰੀ ਡਾਕਟਰ ਦਿਵਸ ਆਯੋਜਿਤ ਕੀਤਾ।  ਫਿਰੋਜ਼ਪੁਰ ਦੇ ਸਿਵਲ ਸਰਜਨ ਡਾ ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗ੍ਰਾਮ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਯੋਜਿਤ ਇਕ ਸੰਖੇਪ ਸਮਾਰੋਹ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਮਨਚੰਦਾ ਨੇ ਕਿਹਾ ਕਿ ਰਾਸ਼ਟਰੀ ਸਿਹਤ ਏਜੰਸੀ ਵੱਲੋਂ ਪ੍ਰਯੋਜਿਤ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਅਤੇ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਪ੍ਰੋਗ੍ਰਾਮ ਤਹਿਤ ਅੱਜ ਜਿਲ੍ਹੇ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ 05 ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਦਿਹਾੜੇ ਡਾਕਟਰਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਮਕਸਦ ਵਧੀਆ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਹੋਰ ਮੈਡੀਕਲ ਅਧਿਕਾਰੀ ਵੀ ਇਹਨਾਂ ਤੋਂ ਪ੍ਰੇਰਨਾਂ ਲੈ ਸਕਣ। ਇਸ ਅਵਸਰ ‘ਤੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਵੱਲੋਂ ਜਾਰੀ ਇੱਕ ਸੰਦੇਸ਼ ਵਿੱਚ ਉਹਨਾਂ ਨੇ ਸਾਰੇ ਡਾਕਟਰਾਂ ਨੂੰ ਡਾਕਟਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਾਨਵਤਾ ਦੀ ਜਾਨ ਬਚਾਉਣ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਕਾਰਨ ਹੀ ਸਮਾਜ ਅੰਦਰ ਡਾਕਟਰਾਂ ਨੂੰ ਦੂਜੇ ਰੱਬ ਦਾ ਦਰਜਾ ਦਿੱਤਾ ਗਿਆ ਹੈ।

ਡਾ. ਅਰੋੜਾ ਨੇ ਦੱਸਿਆ ਕਿ ਭਾਰਤ `ਚ 1 ਜੁਲਾਈ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਡਾਕਟਰਾਂ ਵੱਲੋਂ ਸਿਹਤਮੰਦ ਪਰਿਵਾਰ, ਸਿਹਤਮੰਦ ਸਮਾਜ ਅਤੇ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿੱਚ ਦਿੱਤੇ ਜਾਂਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਅਤੇ ਡਾਕਟਰਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਡਾਕਟਰਾਂ ਨੇ ਕੋਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ, ਸੱਚਮੁੱਚ ਬਹੁਤ ਸ਼ਲਾਘਾਯੋਗ ਹੈ। ਡਾ. ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਭਾਰਤ ਸਰਕਾਰ ਨੇ ਸਾਲ 1991 `ਚ ਰਾਸ਼ਟਰੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦਰਅਸਲ, 1 ਜੁਲਾਈ ਨੂੰ ਮਹਾਨ ਭਾਰਤੀ ਡਾਕਟਰ ਬਿਧਾਨ ਚੰਦਰ ਰਾਏ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਯਾਦ `ਚ ਇਸ ਦਿਨ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਬਿਧਾਨ ਚੰਦਰ ਰਾਏ ਇੱਕ ਮਹਾਨ ਡਾਕਟਰ ਸਨ। ਉਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਸਨ। ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਅੱਜ ਸਨਮਾਨਿਤ ਕੀਤੇ ਗਏ ਡਾਕਟਰਾਂ ਵਿੱਚ ਡਾ. ਮਨਜੀਤ ਕੌਰ, ਡਾ. ਪੂਜਾ, ਡਾ.ਡੇਵਿਡ, ਡਾ.ਜਤਿੰਦਰ ਕੋਛੜ ਅਤੇ ਡਾ ਕਨਿਸ਼ ਸ਼ਾਮਿਲ ਹਨ।

LEAVE A REPLY

Please enter your comment!
Please enter your name here