8 ਸਾਲਾ ਸਾਈਕਲਿਸਟ ਰਾਵੀ ਕੌਰ ਬਧੇਸ਼ਾ ਬਣੀ ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਜ਼ਿਲ੍ਹਾ ਆਈਕਾਨ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਸ਼ਹਿਰ ਦੀ 8 ਸਾਲਾ ਨੰਨ੍ਹੀ ਸਾਈਕਲਿਸਟ ਰਾਵੀ ਕੌਰ ਬਧੇਸ਼ਾ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਜ਼ਿਲ੍ਹਾ ਆਈਕਾਨ ਬਣਾਇਆ ਹੈ। ਪੰਜਾਬ ਪੁਲਿਸ ‘ਚ ਹੌਲਦਾਰ ਵਜੋਂ ਸੇਵਾ ਨਿਭਾ ਰਹੇ ਸਿਮਰਨਜੀਤ ਸਿੰਘ ਬਧੇਸ਼ਾ ਦੀ ਪੁੱਤਰੀ ਰਾਵੀ ਕੌਰ ਬਧੇਸ਼ਾ ਨੇ ਹਾਲ ਹੀ ਦੌਰਾਨ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਚ ਸਪਿਤੀ ਸਰਕਟ ਸ਼ਿਮਲਾ ਤੋਂ ਮਨਾਲੀ ਤੱਕ ਦਾ 800 ਕਿਲੋਮੀਟਰ ਲੰਮਾ ਪੈਂਡਾ ਆਪਣੇ ਪਿਤਾ ਨਾਲ ਸਾਇਕਲ ਚਲਾ ਕੇ ਤੈਅ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਦਫ਼ਤਰ ਵਿਖੇ ਨੰਨ੍ਹੀ ਸਾਈਕਲਿਸਟ ਨਾਲ ਮੁਲਾਕਾਤ ਕਰਕੇ ਰਾਵੀ ਕੌਰ ਬਧੇਸ਼ਾ ਵੱਲੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਉਲੀਕੇ ਆਪਣੇ ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

Advertisements


ਸਾਕਸ਼ੀ ਸਾਹਨੀ ਨੇ ਕਿਹਾ ਕਿ ਰਾਵੀ ਕੌਰ ਬਧੇਸ਼ਾ ਪਟਿਆਲਾ ਜ਼ਿਲ੍ਹੇ ਦਾ ਮਾਣ ਹੈ ਅਤੇ ਇਹ ਹੋਰਨਾਂ ਬੱਚਿਆਂ ਲਈ ਇੱਕ ਵੱਡਾ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਇਸ ਮੌਕੇ ਮੌਜੂਦ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੂੰ ਰਾਵੀ ਕੌਰ ਨੂੰ ਜ਼ਿਲ੍ਹਾ ਪਟਿਆਲਾ ਦੀ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਜ਼ਿਲ੍ਹਾ ਆਈਕਾਨ ਬਣਾਏ ਜਾਣ ਲਈ ਕਾਰਵਾਈ ਕਰਨ ਨੂੰ ਆਖਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਵੀ ਕੌਰ ਬਧੇਸ਼ਾ ਦੀ ਪਹਾੜੀਆਂ ਦੇ ਔਖੇ ਰਾਹਾਂ ‘ਚ ਸਾਈਕਲ ਚਲਾਉਣ ਦੀ ਤਸਵੀਰ ਦਾ ਪੋਸਟਰ ਬਣਾ ਕੇ ਉਹ ਆਪਣੇ ਦਫ਼ਤਰ ਦੀ ਬਾਹਰਲੀ ਦੀਵਾਰ ‘ਤੇ ਲਗਾਉਣਗੇ, ਤਾਂਕਿ ਰਾਵੀ ਬੇਟੀਆਂ ਸਮੇਤ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਬਣੇ। ਰਾਵੀ ਕੌਰ ਨੇ ਆਪਣੇ ਸਫ਼ਰ ਦਾ ਤਜ਼ਰਬਾ ਡਿਪਟੀ ਕਮਿਸ਼ਨਰ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਸ਼ਿਮਲਾ ਤੋਂ ਰਾਮਪੁਰ, ਨਾਰਕੰਡਾ, ਤਾਪਰੀ ਚਿਤਕੁਲ, ਕਿਬਾਰ, ਚੰਦਰਤਾਲ ਲੇਕ, ਕਾਜ਼ਾ, ਲੋਸਰ, ਗ੍ਰਾਂਫੂ ਤੇ ਮਨਾਲੀ ਤੱਕ ਦਾ ਸਫ਼ਰ ਬਹੁਤ ਹੀ ਰੌਚਕ ਰਹਿਣ ਸਮੇਤ ਖ਼ਤਰਾ ਭਰਪੂਰ ਰਿਹਾ ਹੈ। ਉਸਨੇ ਕਿਹਾ ਕਿ ਹੁਣ ਉਸਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਕਰਨ ਦੀ ਯੋਜਨਾ ਬਣਾਈ ਹੈ।


ਇਸ ਮੌਕੇ ਰਾਵੀ ਕੌਰ ਬਧੇਸ਼ਾ ਦੇ ਪਿਤਾ ਸਿਮਰਨਜੀਤ ਸਿੰਘ ਬਧੇਸ਼ਾ, ਜੋ ਕਿ ਖ਼ੁਦ ਸਾਈਕਲਿਸਟ ਹਨ, ਨੇ ਕਿਹਾ ਕਿ ਰਾਵੀ 4 ਸਾਲ ਦੀ ਉਮਰ ‘ਚ ਹੀ ਸਾਈਕਲ ਚਲਾਉਣ ਲੱਗ ਪਈ ਸੀ। ਇਸ ਮੌਕੇ ਰਾਵੀ ਦੇ ਸਾਈਕਲ ਗਰੁੱਪ, ਪਟਿਆਲਾ ਰੋਡੀਜ਼ ਗਰੁੱਪ ਦੇ ਮੋਢੀ ਅਰੁਨ ਕੁਮਾਰ ਅਤੇ ਰਾਵੀ ਦੇ ਪਿਤਾ ਦੇ ਸਾਥੀ ਏ.ਐਸ.ਆਈ ਜਸਦੇਵ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here