ਰਾਘਵ ਚੱਢਾ ਨੂੰ ਕਮੇਟੀ ਦਾ ਚੇਅਰਮੈਨ ਲਗਾਉਂਣਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ: ਐਡਵੋਕੇਟ ਪਰਮਜੀਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ:  ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਨੇ ਬਿਆਨ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਫੈਸਲੇ ਜਿਸ ਵਿਚ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੂਬਾ ਸਰਕਾਰ ਦੀ ਪਬਲਿਕ ਹਿੱਤਾਂ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਉਨ੍ਹਾਂ ਲੋਕਾਂ ਨਾਲ ਵੱਡਾ ਧੋਖਾ ਹੈ ਜਿੰਨਾਂ ਨੇ ਪਾਰਟੀ, ਧੜੇਬੰਦੀ, ਜਾਤ-ਪਾਤ ਤੋਂ ਉੱਪਰ ਉੱਠ ਕੇ ਪੰਜਾਬ ਅੰਦਰ ਇਕ ਨਵਾਂ ਬਦਲਾਅ ਲਿਆਉਂਣ ਵਾਸਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਹੁਮਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਇਸ ਬਹੁਤ ਹੀ ਖਤਰਨਾਕ ਫੈਸਲੇ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਅਤੇ ਦਿੱਲੀ ਦਰਬਾਰ ਭਾਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ।

Advertisements

ਐਡਵੋਕੇਟ ਪਰਮਜੀਤ ਸਿੰਘ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਇਸ ਤਰ੍ਹਾਂ ਦੇ ਫੈਸਲੇ ਮਾਨ ਸਾਹਿਬ ਆਪ ਲੈ ਰਹੇ ਹਨ ਜਾਂ ਫਿਰ ਉਨ੍ਹਾਂ ਤੇ ਦਿੱਲੀ ਦਰਬਾਰ ਦਾ ਐਂਡਾ ਵੱਡਾ ਕੋਈ ਦਬਾਅ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀਆਂ ਗੱਲਾਂ ਕਰ ਰਹੇ ਸਨ ਤੇ ਸਰਦਾਰ ਭਗਤ ਸਿੰਘ ਦੀ ਸੋਚ ਦੀ ਗੱਲ ਕਰ ਰਹੇ ਸਨ ਪਰ ਹੁਣ ਮੁੱਖ ਮੰਤਰੀ ਬਨਣ ਤੋਂ ਬਾਅਦ ਤਾਂ ਉਨ੍ਹਾਂ ਨੇ ਸਭ ਕੁਝ ਹੀ ਵਿਸਾਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਤੁਹਾਡੇ ਇਸ ਫੈਸਲੇ ਨਾਲ ਸ: ਭਗਤ ਸਿੰਘ ਦੀ ਸੋਚ ਰੱਖਣ ਵਾਲੇ ਪੰਜਾਬ ਦੇ ਬਹੁਤ ਹੀ ਅਣਖੀ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਲੱਗੀ ਹੈ, ਉਨ੍ਹਾਂ ਦੇ ਹਿਰਦੇ ਵਲੂਧਰੇ ਗਏ ਹਨ ਕਿਉਂਕਿ ਸਰਦਾਰ ਭਗਤ ਸਿੰਘ ਤੇ ਐਨੇ ਤਸ਼ੱਦਦ ਹੋਏ, ਬਹੁਤ ਵੱਡੇ ਵੱਡੇ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਅੰਗਰੇਜ਼ਾਂ ਅੱਗੇ ਗੋਡੇ ਨਹੀਂ ਟੇਕੇ ਪਰ ਤੁਸੀਂ ਆਪਣੀ ਕੁਰਸੀ ਦੀ ਖਾਤਿਰ ਦਿੱਲੀ ਦਰਬਾਰ ਅੱਗੇ ਗੋਡੇ ਟੇਕ ਦਿੱਤੇ ਹਨ, ਤੁਹਾਡੇ ਇਸ ਫੈਸਲੇ ਦਾ ਜਿਹੜਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਹੋਰਾਂ ਦੇ ਦਬਾਅ ਕਾਰਨ ਲਿਆ ਹੈ, ਤੋਂ ਸਾਬਤ ਹੋ ਗਿਆ ਕਿ ਸੁਪਰ ਸੀ.ਐਮ. ਰਾਘਵ ਚੱਢਾ ਹੀ ਹੋਣਗੇ ਤੁਸੀ ਤਾਂ ਸਿਰਫ਼ ਉਨ੍ਹਾਂ ਦੀਆਂ ਦਿੱਤੀਆਂ ਗਈਆਂ ਸਲਾਹਾਂ ਜਾਂ ਪਾਲਸੀਆਂ ਤੇ ਦਸਤਖ਼ਤ ਹੀ ਕਰੋਗੇ, ਭਾਵ ਕਿ ਅਸਲ ਮੁੱਖ ਮੰਤਰੀ ਰਾਘਵ ਚੱਢਾ ਹੀ ਹੋਣਗੇ।

ਐਡਵੋਕੇਟ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਏਨਾ ਵੱਡਾ ਫ਼ਤਵਾ ਇਸ ਕਰਕੇ ਨਹੀਂ ਦਿੱਤਾ ਸੀ ਕਿ ਤੁਸੀਂ ਆਪਣੀ ਪਾਵਰ ਕਿਸੇ ਬਾਹਰੀ ਵਿਅਕਤੀ ਨੂੰ ਦੇ ਦੇਵੋਗੇ ਇਹ ਇਕ ਅਸੰਵਿਧਾਨਕ ਅਥਾਰਟੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਹੋਰਾਂ ਤੇ ਦਿੱਲੀ ਦਰਬਾਰ ਦਾ ਏਨਾ ਵੱਡਾ ਦਬਾਅ ਹੈ ਕਿ ਉਹ ਕੋਈ ਵੀ ਗੱਲ ਕਹਿਣ ਲੱਗੇ ਸੋਚਦੇ ਹੀ ਨਹੀਂ ਕਿ ਪੰਜਾਬ ਦਾ ਮੁੱਖ ਮੰਤਰੀ ਹਾਂ, ਜਿਵੇਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਟਵੀਟ ਤੇ ਜੋ ਬਿਆਨ ਦਿੱਤਾ ਜਿਸ ਵਿਚ ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਹਰਿਆਣੇ ਦੀ ਤਰਜ਼ ਤੇ ਪੰਜਾਬ ਨੂੰ ਵੀ ਚੰਡੀਗੜ੍ਹ ਵਿਚ ਵਿਧਾਨ ਸਭਾ ਬਨਾਉਂਣ ਲਈ ਜ਼ਮੀਨ ਅਲਾਟ ਕੀਤੀ ਜਾਵੇ ਜੋ ਕਿ ਇਹ ਬਹੁਤ ਮੰਦਭਾਗਾ, ਗੈਰਜ਼ਿੰਮੇਵਾਰਾਨਾ ਟਵੀਟ ਸੀ ਕਿਉਂਕਿ ਇਸ ਤੋਂ ਇਸ ਤਰ੍ਹਾਂ ਲੱਗਾ ਹੈ ਕਿ ਇਹ ਬਿਆਨ ਕੇਜਰੀਵਾਲ ਵੱਲੋਂ ਹਰਿਆਣੇ ਅੰਦਰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਹਰਿਆਣੇ ਵਾਲੇ ਲੋਕਾਂ ਨੂੰ ਖੁਸ਼ ਕਰਨ ਲਈ ਭਾਵ ਵੋਟਾਂ ਦਾ ਫਾਇਦਾ ਲੈਣ ਲਈ ਮੁੱਖ ਮੰਤਰੀ ਪੰਜਾਬ ਤੋਂ ਦਿਵਾਇਆ ਹੋਵੇ। ਚੰਡੀਗੜ੍ਹ ਪੰਜਾਬ ਦਾ ਹੈ ਤੇ ਆਪਣੀ ਹੀ ਜਗ੍ਹਾ ਤੇ ਵਿਧਾਨ ਸਭਾ ਬਨਾਉਂਣ ਲਈ ਦੂਜੇ ਨੂੰ ਕਿਵੇਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਠੀਕ ਹੈ ਰਾਘਵ ਚੱਢਾ ਬਹੁਤ ਸਿਆਣੇ ਹਨ ਪ੍ਰੰਤੂ ਉਹ ਆਪ ਦੀ ਸਲਾਹ ਵੈਸੇ ਵੀ ਤਾਂ ਪਾਰਟੀ ਨੂੰ ਦੇ ਹੀ ਰਹੇ ਹਨ, ਇਸ ਤਰ੍ਹਾਂ ਦੀ ਉੱਚ ਪੱਧਰੀ ਕਮੇਟੀ ਦਾ ਚੇਅਰਮੈਨ ਲਾ ਕੇ ਉਨ੍ਹਾਂ ਨੂੰ ਬਹੁਤ ਵੱਡੀ ਤਾਕਤ ਦਿੱਤੀ ਗਈ ਹੈ ਜਿਸ ਦਾ ਖਮਿਆਜ਼ਾ ਭਗਵੰਤ ਮਾਨ ਹੋਰਾਂ ਨੂੰ ਆਉਂਣ ਵਾਲੇ ਦਿਨਾਂ ਵਿਚ ਭੁਗਤਣਾ ਪਵੇਗਾ, ਉੱਥੇ ਆਮ ਆਦਮੀ ਪਾਰਟੀ ਨੂੰ ਵੀ ਲੋਕ ਸਭਾ ਦੀਆਂ ਆ ਰਹੀਆਂ ਚੋਣਾਂ ਵਿਚ ਭੁਗਤਨਾ ਪਵੇਗਾ, ਕਿਉਂਕਿ ਪੰਜਾਬ ਦੇ ਲੋਕ ਬਹੁਤ ਗੈਰਤਮੰਦ ਹਨ ਅਤੇ ਸਮੇਂ-ਸਮੇਂ ਤੇ ਫੈਸਲੇ ਲੈਣੇ ਜਾਣਦੇ ਹਨ। ਅਖੀਰ ਵਿਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਨੋਟੀਫਿਕੇਸ਼ਨਾਂ ਤੇ ਦਸਤਖ਼ਤ ਕਰਨ ਵੇਲੇ ਆਪਣੀ ਜ਼ਮੀਰ ਦੀ ਆਵਾਜ਼ ਵੀ ਜ਼ਰੂਰ ਸੁਣਿਆ ਕਰੋ।

LEAVE A REPLY

Please enter your comment!
Please enter your name here