ਕੈਮਰਿਆਂ ਨਾਲ ਲੁਧਿਆਣਾ ’ਚ ਜਲਦ ਸ਼ੁਰੂ ਹੋਣਗੇ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ

ਜਲੰਧਰ (ਦ ਸਟੈਲਰ ਨਿਊਜ਼): ਰਾਜ ਅੰਦਰ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਹਰ ਸੰਭਵ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਰੋਡ ਸੇਫ਼ਟੀ ਕਾਊਂਸਿਲ ਨੇ ਅੱਜ ਇਥੇ ਸੇਫ ਐਂਡ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅਹਿਮ ਵਿਚਾਰਾਂ ਕਰਦਿਆਂ ਕਿਹਾ ਕਿ ਸੜਕਾਂ ’ਤੇ ਬਲੈਕ ਸਪਾਟ ਥਾਵਾਂ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪੈ ਸਕੇ। ਇਕ ਹੋਰ ਫੈਸਲੇ ਅਨੁਸਾਰ ਚੰਡੀਗੜ੍ਹ ਵਾਂਗ ਹੁਣ ਜਲਦ ਹੀ ਲੁਧਿਆਣਾ ਵਿੱਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਰਾਹੀਂ ਚਲਾਨ ਸ਼ੁਰੂ ਹੋਣਗੇ।
ਪੰਜਾਬ ਰੋਡ ਸੇਫ਼ਟੀ ਕਾਊਂਸਿਲ ਦੇ ਡਾਇਰੈਕਟਰ ਜਨਰਲ ਆਰ.ਵੈਂਕਟਰਤਨਮ, ਏ.ਡੀ.ਜੀ.ਪੀ. ਟਰੈਫਿਕ ਏ.ਐਸ.ਰਾਏ , ਸਕੱਤਰ ਟਰਾਂਸਪੋਰਟ ਵਿਕਾਸ ਗਰਗ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਨਗਰ ਨਿਗਮ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਕਮਿਸ਼ਨਰਾਂ ਦੀ ਮੌਜੂਦਗੀ ਵਿੱਚ ਰੋਡ ਸੇਫ਼ਟੀ ਨਾਲ ਸਬੰਧਿਤ ਉਪਰਾਲਿਆਂ ਲਈ ਸਬੰਧਿਤ ਵਿਭਾਗਾਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ। ਪੰਜਾਬ ਸਰਕਾਰ ਦੇ ਟਰੈਫਿਕ ਸਲਾਹਕਾਰ ਡਾ.ਨਵਦੀਪ ਅਸੀਜਾ ਨੇ ਰਾਜ ਅੰਦਰ ਸੜਕ ਹਾਦਸਿਆਂ ਬਾਰੇ ਵਿਸਥਾਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕੀ ਹਾਦਸਿਆਂ ਵਿੱਚ 72 ਫੀਸਦੀ ਮੌਤਾਂ ਕੌਮੀ ਅਤੇ ਰਾਜ ਮਾਰਗਾਂ ’ਤੇ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਕੁੱਲ 11.7 ਫੀਸਦੀ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਦੀਆਂ ਸੜਕਾਂ ’ਤੇ ਵਾਪਰਦੀਆਂ ਹਨ ਅਤੇ ਤਿੰਨਾਂ ਕਮਿਸ਼ਨਰੇਟ ਵਿੱਚ ਗਿਣਤੀ 537 ਲੋਕਾਂ ਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਵਿੱਚ ਇਹ ਦੇਖਿਆ ਗਿਆ ਹੈ ਕਿ ਬਹੁ ਗਿਣਤੀ ਹਾਦਸੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਦੇ ਦਰਮਿਆਨ ਹੁੰਦੇ ਹਨ ਜਿਨ੍ਹਾਂ ਨਾਲ ਸੜਕੀ ਹਾਦਸਿਆਂ ਦੀਆਂ ਮੌਤਾਂ ਦੀ ਗਿਣਤੀ 20.7 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਕੁੱਲ 28 ਬਲੈਕ ਸਪਾਟ, ਅੰਮ੍ਰਿਤਸਰ ਵਿੱਚ 21 ਅਤੇ ਲੁਧਿਆਣਾ ਵਿੱਚ 91 ਬਲੈਕ ਸਪਾਟ ਹਨ।

Advertisements

ਏ.ਡੀ.ਜੀ.ਪੀ. ਟਰੈਫਿਕ ਏ.ਐਸ. ਰਾਏ ਨੇ ਦੱਸਿਆ ਕਿ ਜਲਦ ਹੀ ਲੁਧਿਆਣਾ ਵਿੱਚ ਚੰਡੀਗੜ੍ਹ ਵਾਂਗ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਸ਼ੁਰੂ ਹੋਣ ਜਾ ਰਹੇ ਹਨ ਕਿਉਂਕਿ ਲੁਧਿਆਣਾ ਵਿੱਚ 159 ਥਾਵਾਂ ’ਤੇ 1400 ਕੈਮਰੇ ਲੱਗ ਚੁੱਕੇ ਹਨ ਜਿਨ੍ਹਾਂ ਵਿਚੋਂ 314 ਕੈਮਰੇ ਆਟੋਮੈਟਿਕ ਨੰਬਰ ਪਲੇਟ ਪੜ੍ਹਨ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਰਾਹੀਂ ਹੋਇਆ ਚਲਾਨ ਵਾਹਨ ਚਾਲਕ ਦੇ ਘਰ ਪਹੁੰਚ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਾਅਦ ਜਲੰਧਰ ਤੇ ਅੰਮ੍ਰਿਤਸਰ ਅਤੇ ਬਾਕੀ ਸ਼ਹਿਰਾਂ ਵਿੱਚ ਵੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲੈਕ ਸਪਾਟ ਵਾਲੀਆਂ ਥਾਵਾਂ ’ਤੇ ਲੋੜੀਂਦੀ ਕਾਰਵਾਈ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਏ.ਡੀ.ਜੀ.ਪੀ.ਟਰੈਫਿਕ ਨੇ ਦੱਸਿਆ ਕਿ ਸੂਬੇ ਅੰਦਰ ਪੁਲਿਸ ਵਲੋਂ ਸ਼ਾਮ ਦੀ ਚੈਕਿੰਗ ਮੁਹਿੰਮ ਵੀ ਤੇਜ਼ ਕੀਤੀ ਜਾ ਰਹੀ ਹੈ ਤਾਂ ਜੋ ਰਾਤ ਸਮੇਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ’ਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਕਾਰਨ ਐਲਕੋ ਮੀਟਰ ਦੀ ਵਰਤੋਂ ਬੰਦ ਕੀਤੀ ਗਈ ਸੀ ਜਿਹੜੀ ਕਿ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਵੇਲੇ ਸੀਟ ਬੈਲਟ ਅਤੇ ਹੈਲਮੈਟ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੋਬਾਇਲ ਦੀ ਵਰਤੋਂ ਨਾ ਕਰਨ ਦੇ ਨਾਲ-ਨਾਲ ਸਪੀਡ ਹੱਦ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ।
ਸਕੱਤਰ ਟਰਾਂਸਪੋਰਟ ਵਿਕਾਸ ਗਰਗ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਵਲੋਂ ਸੂਬੇ ਦੇ ਸਾਰੇ ਡਰਾਇਵਿੰਗ ਟਰੈਕਾਂ ਦੀ ਕਾਇਆਕਲਪ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਲਰਨਿੰਗ ਡਰਾਇਵਿੰਗ ਲਾਈਸੰਸ ਸਬੰਧੀ ਆਨਲਾਈਨ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ। ਡਾਇਰੈਕਟਰ ਜਨਰਲ ਆਰ.ਵੈਂਕਟਰਤਨਮ ਨੇ ਨਿਗਮ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਦੀਆਂ ਸੜਕਾਂ ’ਤੇ ਸੇਫ਼ ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸੁਚੱਜੀ ਟਰੈਫਿਕ ਵਿਵਸਥਾ ਲਈ ਢੁਕਵੇਂ ਕਦਮ ਚੁੱਕਣ ਤਾਂ ਜੋ ਸੜਕੀ ਹਾਦਸਿਆਂ ਨੂੰ ਵਾਪਰਨੋ ਰੋਕਿਆ ਜਾ ਸਕੇ। ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਜਲੰਧਰ ਦਵਿੰਦਰ ਸਿੰਘ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਕੇ.ਐਸ.ਰਾਜ, ਆਰਟੀਏ ਜਲੰਧਰ ਰਜਤ ਓਬਰਾਏ, ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸੋਨਮ ਚੌਧਰੀ, ਐਨ.ਐਚ.ਏ.ਆਈ ਤੋਂ ਪ੍ਰਾਜੈਕਟ ਡਾਇਰੈਕਟਰ ਵਿਰੇਂਦਰਾ ਸਿੰਘ, ਅਬਦੁੱਲਾ ਖਾਨ ਅਤੇ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here