ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਾਰਿਸ ਸ਼ਾਹ ਨੂੰ ਸਮਰਪਿਤ ਤੀਸਰੀ ਸ਼ਤਾਬਦੀ ਦਾ ਸਮਾਗਮ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਸਕੱਤਰ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਡਾ. ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਅਜ਼ੀਮ ਕਿੱਸਾਕਾਰ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ‘ਹੋਸਣ ਨਿਤ ਬਹਾਰਾਂ ਦੇ ਰੰਗ ਘਣੇ, ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ…’ ਬਹੁਤ ਹੀ ਸ਼ਾਨਦਾਰ ਅਤੇ ਵਿਲੱਖਣਤਾ ਭਰਪੂਰ ਰਿਹਾ।

Advertisements

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ ਧਨੁ ਲਿਖਾਰੀ ਨਾਨਕਾ’ ਨਾਲ ਹੋਈ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੇਖਕ ਦੇ ਮਹਾਤਮ ਨੂੰ ਦਰਸਾਇਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫਸਰ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਹੋਇਆਂ ਸਰੋਤਿਆਂ ਨਾਲ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਵਾਰਿਸ ਦੇ ਕਿੱਸੇ ਦੀ ਮਹਾਨਤਾ ਇਸ ਤੱਥ ਵਿੱਚ ਹੈ ਕਿ ਇਹ ਉਸ ਵੇਲੇ ਦੇ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਬਹੁਤ ਹੀ ਬਰੀਕੀ ਨਾਲ ਪੇਸ਼ ਕਰਦਾ ਹੈ ਜਿਸਦੀ ਸਾਰਥਿਕਤਾ ਵਰਤਮਾਨ ਸਮੇਂ ਵਿੱਚ ਵੀ ਹੈ। ਤਰਸੇਮ ਅਰਮਾਨ ਨੇ ਵਾਰਿਸ ਦੀ ਹੀਰ ਦਾ ਗਾਇਨ ਕਰਕੇ ਸਮੁੱਚਾ ਵਾਤਾਵਰਣ ਹੁਲਾਸਮਈ ਅਤੇ ਸਾਹਿਤਕ ਬਣਾ ਦਿੱਤਾ। ਉੱਘੇ ਵਿਦਵਾਨ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੇ ਆਪਣੇ ਖੋਜ-ਪੱਤਰ ਵਿੱਚ ਵਾਰਿਸ ਸ਼ਾਹ ਦੇ ਕਿੱਸੇ ਹੀਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਵਾਰਿਸ ਆਪਣੇ ਇਸ ਕਿੱਸੇ ਰਾਹੀਂ ਕੇਵਲ ਹੀਰ ਦੀ ਦਾਸਤਾਨ ਹੀ ਨਹੀਂ ਸੁਣਾਉਂਦਾ ਸਗੋਂ ਉਹ ਹੋਰ ਬਹੁਤ ਸਾਰੀਆਂ ਰਮਜ਼ਾਂ ਵੱਲ ਇਸ਼ਾਰਾ ਕਰਦਾ ਹੈ।

ਉੱਘੇ ਇਤਿਹਾਸਕਾਰ ਅਤੇ ਅਦਾਰਾ 23 ਮਾਰਚ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਨੇ ਵਾਰਿਸ ਸ਼ਾਹ ਦੇ ਕਿੱਸੇ ਹੀਰ ਦੀਆਂ ਵਿਭਿੰਨ ਪਰਤਾਂ ਉਧੇੜਦਿਆਂ ਇੱਕ ਅਜਿਹੇ ਪੰਜਾਬ ਵੱਲ ਇਸ਼ਾਰਾ ਕੀਤਾ ਜੋ ਭਰਪੂਰਤਾ ਅਤੇ ਸਮੱਗਰਤਾ ਤਹਿਤ ਆਪਣੀ ਇੱਕ ਵਿੱਲਖਣ ਪਛਾਣ ਰੱਖਦਾ ਸੀ। ਡਾ. ਸਿੱਧੂ ਨੇ ਕਿੱਸੇ ਦੇ ਵਿਭਿੰਨ ਪਛਾਣ-ਚਿੰਨਾਂ ਨੂੰ ਪਛਾਣਦਿਆਂ ਉਨ੍ਹਾਂ ਦੀ ਸਮਕਾਲ ਵਿਚ ਸਾਰਥਿਕਤਾ ਤਲਾਸ਼ਣ ਦੀ ਵੀ ਕੋਸ਼ਿਸ਼ ਕੀਤੀ। ਵਾਇਸ ਆਫ਼ ਪੰਜਾਬ ਸੀਜਨ-3 ਦੇ ਜੇਤੂ ਅਨੰਦਪਾਲ ਬਿੱਲਾ ਅਤੇ ਉੱਘੇ  ਲੋਕ-ਗਾਇਕ ਕੁਲਵਿੰਦਰ ਕੰਵਲ ਨੇ ਆਪਣੀ ਗਾਇਕੀ ਰਾਹੀਂ ਵਾਰਿਸ ਸ਼ਾਹ ਦੇ ਕਿੱਸੇ ਹੀਰ ਦਾ ਅਜਿਹਾ ਰੰਗ ਬੰਨਿਆ ਕਿ ਸਰੋਤੇ ਝੂਮ ਉੱਠੇ। ਇਸ ਮੌਕੇ ’ਤੇ ਭਾਸ਼ਾ ਵਿਭਾਗ ਪੰਜਾਬ ਤੋਂ ਸੇਵਾ-ਮੁਕਤ ਹੋਏ ਇੰਸਟ੍ਰਕਟਰ ਸ. ਬਲਤੇਜ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਸਨ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਕਿਹਾ ਕਿ ਇਹ ਸਮਾਗਮ ਮੇਰੀ ਜ਼ਿੰਦਗੀ ਦਾ ਇੱਕ ਯਾਦਗਾਰੀ ਸਮਾਗਮ ਹੈ ਕਿਉਂਕਿ ਅੱਜ ਬੁਲਾਰਿਆਂ ਤੋਂ ਮੈਂ ਵਾਰਿਸ ਸ਼ਾਹ ਦੇ ਕਿੱਸੇ ਬਾਰੇ ਜੋ ਵਿਚਾਰ ਸੁਣੇ ਹਨ, ਉਹ ਸੱਚਮੁੱਚ ਮੇਰੇ ਲਈ ਵਿਲੱਖਣ ਅਤੇ ਮੁੱਲਵਾਨ ਸਨ। ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮਹਿਤਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਦਿਆਂ ਡਾ. ਰਾਮੇਸ਼ਵਰ ਸਿੰਘ ਕਟਾਰਾ ਨੇ ਬਹੁਤ ਹੀ ਢੁੱਕਵੇਂ ਅੰਦਾਜ਼ ਵਿੱਚ ਸਮਾਗਮ ਵਿੱਚ ਇੱਕ ਕੜੀ ਵਾਂਗ ਲਗਾਤਾਰਤਾ ਅਤੇ ਰਵਾਨਗੀ ਬਣਾਈ ਰੱਖੀ। ਉੱਘੀ ਸ਼ਾਇਰਾ ਮੀਨਾ ਮਹਿਰੋਕ ਨੇ ਆਪਣੀ ਕਵਿਤਾ ਦਰਸ਼ਕਾਂ ਸਾਹਮਣੇ ਖੂਬਸੂਰਤ ਅੰਦਾਜ ਵਿੱਚ ਪੇਸ਼ ਕੀਤੀ। ਸਮਾਗਮ ਦੇ ਅੰਤ ਤੇ ਆਏ ਹੋਏ ਮਹਿਮਾਨਾਂ ਨੇ ਸਾਂਝੇ ਰੂਪ ਵਿਚ ਪੂਰੇ ਪੰਜਾਬ ਵਿੱਚੋਂ ਦੱਸਵੀ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ਤੇ ਆਏ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਦੀ ਵਿਦਿਆਰਥਣ ਨੂੰ ਸਨਮਾਨਿਤ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਨੇ ਦਸਵੀਂ ਅਤੇ ਬਾਰਵੀਂ ਜਮਾਤਾਂ ਵਿੱਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

  ਇਸ ਸਮਾਗਮ  ਨੂੰ ਨੇਪਰੇ ਚਾੜ੍ਹਨ ਵਿਚ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮਹਿਤਾ, ਲੈਕਚਰਾਰ ਸ. ਬਲਰਾਜ ਸਿੰਘ, ਸੰਗੀਤ ਅਧਿਆਪਕ ਤਰਸੇਮ ਅਰਮਾਨ, ਭਾਸ਼ਾ ਮੰਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਜਿੱਥੇ ਅਹਿਮ ਯੋਗਦਾਨ ਰਿਹਾ ਉੱਥੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਦਾ ਦਫ਼ਤਰੀ ਅਮਲਾ ਖੋਜ-ਅਫ਼ਸਰ ਸ. ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ, ਜੂਨੀਅਰ ਸਹਾਇਕ ਨਵਦੀਪ ਸਿੰਘ, ਰਾਹੁਲ ਕਲਰਕ, ਰਵੀ ਕੁਮਾਰ , ਦੀਪਕ ਕੁਮਾਰ, ਵਿਜੈ ਕੁਮਾਰ ਅਤੇ ਗੁਰਪਰਮੇਛਰ ਸਿੰਘ ਮਨੀ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ’ਤੇ ਗੁਰਤੇਜ ਕੋਹਾਰਵਾਲਾ, ਗੁਰਦਿਆਲ ਸਿੰਘ ਵਿਰਕ, ਸੁਖਜਿੰਦਰ, ਹਰਮੀਤ ਵਿਦਿਆਰਥੀ, ਡਾ. ਸਤੀਸ਼ ਠੁਕਰਾਲ ਸੋਨੀ, ਮੀਨਾ ਮਹਿਰੋਕ, ਸੁਰਿੰਦਰ ਕੰਬੋਜ਼, ਦੀਪ ਜੀਰਵੀ, ਰਜਿੰਦਰ ਸਿੰਘ ਰਾਜਾ, ਸੁਖਦੇਵ ਸਿੰਘ ਭੱਟੀ, ਸੁਖਚੈਨ ਸਿੰਘ ਕੁਰੜ, ਰਜਨੀ ਜੱਗਾ, ਨਿਸ਼ਾਨ ਸਿੰਘ ਵਿਰਦੀ, ਅਮਨਦੀਪ ਕੌਰ ਖੀਵਾ, ਸਾਗਰ ਸਿੰਘ ਦੋਸ਼ੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here