ਭਾਸ਼ਾ ਵਿਭਾਗ ਨੇ ਆਪਣਾ 75 ਸਾਲਾ ਦਿਵਸ ਮਨਾਇਆ

ਪਟਿਆਲਾ(ਦ ਸਟੈਲਰ ਨਿਊਜ਼): ਅੱਜ ਭਾਸ਼ਾ ਵਿਭਾਗ, ਪੰਜਾਬ ਨੇ ਆਪਣਾ 75 ਸਾਲਾ ਦਿਵਸ ਮਨਾਇਆ ਜਿਸ ਵਿਚ ਬਹੁਤ ਸਾਰੇ ਲੇਖਕਾਂ ਵਿਦਵਾਨਾਂ, ਲੇਖਕਾਂ ਨੇ ਸ਼ਮੂਲੀਅਤ ਕੀਤੀ। ਖੂਬਸੂਰਤ ਗੱਲ ਇਹ ਸੀ ਕਿ ਇਸ ਦੇ ਪ੍ਰਧਾਨਗੀ ਮੰਡਲ ਵਿਚ ਸਾਬਕਾ ਡਾਇਰੈਕਟਰ ਸ਼ਾਮਲ ਹੋਏ। ਪ੍ਰਧਾਨਗੀ ਡਾ.ਮਦਨ ਲਾਲ ਹਸੀਜਾ ਨੇ ਕੀਤੀ ਤੇ ਕਿਹਾ ਕਿ ਭਾਸ਼ਾ ਵਿਭਾਗ ਦੇ ਵਿਕਾਸ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਚਾਹੀਦਾ ਹੈ। ਸਾਨੂੰ ਪਾਠਕ ਤੇ ਲੇਖਕ ਦੋਵਾਂ ਦੀ ਤਲਾਸ਼ ਤੇ ਸੰਤੁਸ਼ਟੀ ਦੀ ਜ਼ਰੂਰਤ ਹੈ। ਉਹਨਾਂ ਹੋਰ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਵਿਭਾਗ ਅਜਿਹਾ ਵਿਭਾਗ ਹੈ ਜਿਹੜਾ ਭਾਸ਼ਾ, ਰੁਜ਼ਗਾਰ ਤੇ ਸਭਿਆਚਾਰ ਨਾਲ ਸਿੱਧੇ ਤੌਰ ‘ਤੇ ਜੋੜਦਾ ਹੈ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਦਾ ਕੰਮ ਹੀ ਇਸ ਦੀ ਪ੍ਰਾਪਤੀ ਹੈ।ਇਸ ਦੀ ਜ਼ਿੰਮੇਵਾਰੀ ਹੈ ਕਿ ਇਹ ਸਮਾਜ ਵਿਚ ਕਾਰਜਸ਼ੀਲ ਹਰ ਧਿਰ ਲਈ ਸਾਹਿਤ ਪੈਦਾ ਕਰਕੇ ਉਨ੍ਹਾਂ ਤੱਕ ਸੰਜੀਦਗੀ ਨਾਲ ਪਹੁੰਚਾਵੇ।
  ਚੇਤਨ ਸਿੰਘ ਨੇ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ, ਕਾਰਜਸ਼ੈਲੀ, ਪੁਸਤਕਾਂ ਦੀ ਛਪਾਈ ਆਦਿ ਨੂੰ ਆਧਾਰ ਬਣਾ ਕੇ ਇਕ ਡੂੰਘਾ ਖੋਜ ਪੱਤਰ ਪੇਸ਼ ਕੀਤਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸ ਮਿੱਥ ਨੂੰ ਤੋੜਿਆ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਖ਼ਤਮ ਹੋ ਜਾਵੇਗੀ। ਇਸ ਮਿੱਥ ਨੂੰ ਝੂਠੀ ਸਾਬਤ ਕਰਨ ਲਈ ਪੰਜਾਬ ਦੇ ਵਿਦਵਾਨਾਂ, ਲੇਖਕਾਂ, ਸਭਿਆਚਾਰਕ ਕਾਮਿਆਂ ਦਾ ਬਹੁਤ ਵੱਡਾ ਰੋਲ ਹੈ। ਉਹਨਾਂ ਭਾਸ਼ਾ ਵਿਭਾਗ ਦੇ ਪੁਰਖਿਆਂ ਨੂੰ ਪੂਰੀ ਅਕੀਦਤ ਨਾਲ ਯਾਦ ਕਰਦਿਆਂ ਉਨ੍ਹਾਂ ਦੀ ਘਾਲੀ਼ ਘਾਲਣਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਹਨਾਂ ਕੀਰਤ ਸਿੰਘ ਕੋਹਲੀ, ਬਨਾਰਸੀ ਦਾਸ ਜੈਨ, ਗਿਆਨੀ ਲਾਲ ਸਿੰਘ,ਜੀਤ ਸਿੰਘ ਸੀਤਲ, ਸ਼ਮਸ਼ੇਰ ਸਿੰਘ ਅਸ਼ੋਕ,ਪਿਆਰਾ ਸਿੰਘ ਪਦਮ ਵਰਗੀਆਂ ਸਖਸ਼ੀਅਤਾਂ ਬਾਰੇ ਕਿਹਾ ਕਿ ਇਹ ਸਧਾਰਨ ਮਨੁੱਖ ਨਹੀਂ ਸਗੋਂ ਸੰਪੂਰਨ ਸੰਸਥਾਵਾਂ ਸਨ। ਉਹਨਾਂ ਦੱਸਿਆ ਕਿ ਭਾਸ਼ਾ ਵਿਭਾਗ ਨੇ ਵਿਭਿੰਨ ਕਿਸਮ ਦੇ ਕੋਸ਼, ਸ਼ਬਦਾਵਲੀਆਂ, ਪੰਜਾਬੀ ਵਿਸ਼ਵਕੋਸ਼ ਤੋਂ ਇਲਾਵਾ ਵਿਸ਼ਵ ਕਲਾਸਕੀ ਸਹਿਤ ਦੇ ਨਾਲ ਪੰਜਾਬ ਤੇ ਸਿੱਖ ਇਤਿਹਾਸ ਬਾਰੇ ਬਹੁਤ ਕੰਮ ਕੀਤਾ ਹੈ ਜਿਸ ਨੂੰ ਦੁਬਾਰਾ ਛਾਪਿਆ ਤੇ ਪ੍ਰਸਾਰਿਆ ਜਾਣਾ ਚਾਹੀਦਾ ਹੈ।
ਵਿਭਾਗ ਦੇ ਸਾਬਕਾ ਡਾਇਰੈਕਟਰ ਰਛਪਾਲ ਗਿੱਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਬਹੁਤ ਜ਼ੋਰ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸ.ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ ਨੂੰ ਲਛਮਣ ਸਿੰਘ ਗਿੱਲ ਦੇ ਆਦਰਸ਼ ‘ਤੇ ਚੱਲਦਿਆਂ ਪੰਜਾਬੀ ਲਾਗੂ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਮਾਂ ਹੈ ਕਿ ਭਗਵੰਤ ਸਿੰਘ ਮਾਨ ਪੰਜਾਬੀ ਦਾ ਅਹਿਸਾਨ ਉਤਾਰ ਸਕਦੇ ਹਨ ਕਿਉਂਕਿ ਉਹ ਭਾਸ਼ਾ ਤੇ ਸਭਿਆਚਾਰ ਦੇ ਆਸਰੇ ਹੀ ਵੱਡੀ ਪਦਵੀ ‘ਤੇ ਪਹੁੰਚੇ ਹਨ। ਉਹਨਾਂ ਨੇ ਪੰਜਾਬ ਕੋਸ਼ ਨਾਲ ਸਬੰਧਿਤ ਯਾਦਾਂ ਨੂੰ ਵੀ ਸਾਂਝਾ ਕੀਤਾ।   ਬਲਬੀਰ ਕੌਰ ਨੇ ਆਪਣਾ ਤਜ਼ਰਬਾ ਦੱਸਿਆ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬੋਂ ਬਾਹਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਕਾਰਜ ਕੀਤਾ ਹੈ। ਉਹਨਾਂ ਸਮੇਂ ਬਹੁਤ ਸਾਰੇ ਕਾਰਜਾਂ ਨੂੰ ਪ੍ਰਵਾਨਗੀ ਮਿਲੀ ਤੇ ਲੋਕ ਸੰਪਰਕ ਵਿਚ ਅਥਾਹ ਵਾਧਾ ਹੋਇਆ। ਉਹਨਾਂ ਵਿਭਾਗ ਨੂੰ ਵਧਾਈ ਦਿੱਤੀ ਕਿ ਵਿਭਾਗ ਦੀ ਦਿੱਖ ਤੇ ਦ੍ਰਿਸ਼ਟੀ ਵਿਚ ਬਹੁਤ ਵਿਕਾਸ ਹੋਇਆ ਹੈ। ਡਾ.ਰਤਨ ਸਿੰਘ ਜੱਗੀ ਨੇ ਭਾਸ਼ਾ ਵਿਭਾਗ ਨਾਲ ਆਪਣੀ ਨੇੜਤਾ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਇਹ ਵਿਭਾਗ ਨੇ ਪੰਜਾਬੀ ਦੇ ਹੋਰ ਵਿਭਾਗਾਂ ਲਈ ਨੀਂਹ ਦਾ ਕੰਮ ਕੀਤਾ ਹੈ ਤੇ ਆਪਣੇ ਜੀਵਨ ਵਿੱਚੋਂ ਇਸ ਦੀ ਭੂਮਿਕਾ ਨੂੰ ਕਿਵੇਂ ਵੀ ਖਾਰਜ ਨਹੀਂ ਕਰ ਸਕਦਾ।
  ਡਾ. ਵੀਰਪਾਲ ਕੌਰ ਸੰਯੁਕਤ ਨਿਰਦੇਸ਼ਕ ਭਾਸ਼ਾ ਵਿਭਾਗ ਨੇ ਵਿਭਾਗ ਦੀਆਂ ਸਮਕਾਲੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸ.ਸਤਨਾਮ ਸਿੰਘ ਜੀ ਨੇ ਸਭ ਤੋਂ ਪਹਿਲੀ ਪ੍ਰਕਾਸ਼ਿਤ ਪੁਸਤਕ ‘ਰਤਨਮਾਲਾ’ ਨੂੰ ਲੋਕ ਅਰਪਣ ਤੋਂ ਬਾਅਦ ਇਸ ਪੁਸਤਕ ਬਾਰੇ ਵਿਚਾਰ ਪ੍ਰਗਟ ਕੀਤੇ ਤੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੇ 75 ਸਾਲਾਂ ਦੇ ਇਤਿਹਾਸ ਨੂੰ ਸਮਰਪਿਤ ਲੋਗੋ ਜਾਰੀ ਕੀਤਾ ਗਿਆ। ਦੂਸਰੇ ਪੜਾਅ ਵਿੱਚ ਡਾ. ਸੋਮਪਾਲ ਹੀਰਾ ਦੇ ਇੱਕ ਪਾਤਰੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਨ ਕੀਤਾ ਗਿਆ। ਇਸ ਨਾਟਕ ਨੇ ਪੰਜਾਬੀ ਭਾਸ਼ਾ ਦੇ ਨਿਕਾਸ, ਵਿਕਾਸ ਤੇ ਵਿਨਾਸ਼ ਨੂੰ ਆਪਣੇ ਮੰਚਨ ਵਿਚ ਬੰਨਿਆਂ। ਇਸ ਸਾਰੇ ਪ੍ਰੋਗਰਾਮ ਵਿੱਚ ਸੂਤਰਧਾਰ ਦੀ ਭੂਮਿਕਾ ਡਾ. ਮਨਜਿੰਦਰ ਸਿੰਘ, ਖੋਜ ਅਫ਼ਸਰ ਦਿਲਚਸਪ ਤਰੀਕੇ ਨਾਲ ਨਿਭਾਈ। ਇਸ ਦਾ ਸਾਰੇ ਲੇਖਕਾਂ ਨੇ ਪੂਰਨ ਆਨੰਦ ਮਾਣਿਆ।
  ਇਸ ਮੌਕੇ ਵਿਭਾਗ ਦੇ ਸਾਬਕਾ ਡਾਇਰੈਕਟਰ ਮੈਡਮ ਗੁਰਸ਼ਰਨ ਕੌਰ ਵਾਲੀਆ, ਮੈਡਮ ਗੁਰਸ਼ਰਨ ਕੌਰ, ਡਾ. ਸਤਨਾਮ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਪ੍ਰਿਤਪਾਲ ਕੌਰ ਸਾਬਕਾ ਡਿਪਟੀ ਡਾਇਰੈਕਟਰ ਅਤੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸਾਬਕਾ ਖੋਜ ਅਫ਼ਸਰ ਦੇ ਨਾਲ-ਨਾਲ ਬਿਮਲਾ ਰਾਣੀ (ਰਿਟਾ.) ਅਤੇ ਸੁਰਿੰਦਰ ਕੌਰ (ਰਿਟਾ.) ਤੋਂ ਇਲਵਾ ਧਰਮ ਕੰਮੇਆਣਾ, ਡਾ. ਸੁਰਜੀਤ ਖੁਰਮਾ, ਸਤਿੰਦਰ ਸਿੰਘ ਨੰਦਾ, ਕੰਵਲਜੀਤ ਕੌਰ ਅਤੇ ਹਰਜੀਤ ਕੌਰ (ਸਾਰੇ ਸਾਬਕਾ ਸਹਾਇਕ ਡਾਇਰੈਕਟਰ), ਬਲਵਿੰਦਰ ਭੱਟੀ, ਨਿਰਮਲਾ ਗਰਗ, ਜੀ.ਐਸ.ਆਨੰਦ, ਸ.ਗੁਰਦਰਸ਼ਨ ਸਿੰਘ ਗੁਸੀਲ, ਵਿਨੋਦ ਕੌਸ਼ਲ, ਗੋਪਾਲ ਸ਼ਰਮਾ, ਤਰਲੋਕ ਢਿਲੋਂ, ਡਾ. ਇੰਦਰਪਾਲ ਕੌਰ, ਸੁਖਮਿੰਦਰ ਸੇਖੋਂ, ਕਿਰਨ ਸਿੰਗਲਾ, ਡਾ. ਅਰਵਿੰਦਰ ਕੌਰ ਕਾਕੜਾ, ਵਿਜੈ ਭਾਰਦਵਾਜ, ਪਰਮਿੰਦਰਪਾਲ ਕੌਰ, ਨਵਦੀਪ ਮੁੰਡੀ, ਹਰਦੀਪ ਸਭਰਵਾਲ, ਦਰਸ਼ਨ ਸਿੰਘ ਆਸਟ ਆਦਿ ਸਾਰੇ ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਭਰਪੂਰ ਆਨੰਦ ਮਾਣਿਆ।

Advertisements

ਇਸ ਪ੍ਰੋਗਰਾਮ ਵਿਚ ਮੌਜੂਦਾ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਸਹਾਇਕ ਡਾਇਰੈਕਟਰ ਹਰਭਜਨ ਕੌਰ, ਪਰਵੀਨ ਕੁਮਾਰ, ਆਲੋਕ ਚਾਵਲਾ, ਸੁਰਿੰਦਰ ਕੌਰ ਤੋਂ ਇਲਾਵਾ ਸਾਰੇ ਖੋਜ ਅਫ਼ਸਰਾਂ ਦੇਵਿੰਦਰ ਕੌਰ, ਰਾਬੀਆ, ਸਤਪਾਲ ਸਿੰਘ, ਸੰਤੋਖ ਸਿੰਘ ਦੇ ਨਾਲ-ਨਾਲ ਸ. ਭਗਵਾਨ ਸਿੰਘ ਸੀਨੀਅਰ ਸਹਾਇਕ, ਜਸਬੀਰ ਸਿੰਘ, ਸਿਮਰਨਜੀਤ ਸਿੰਘ, ਦੀਪਕ ਸ਼ਰਮਾ, ਮਨਪ੍ਰੀਤ ਸਿੰਘ, ਮਨਦੀਪ ਕੌਰ, ਪਲਵੀ ਸ਼ਰਮਾ, ਨੇਹਾ ਖੁਰਾਨਾ ਆਦਿ ਸਮੂਹ ਵਿਭਾਗੀ ਅਮਲਾ ਵੀ ਮੌਜੂਦ ਰਿਹਾ।

LEAVE A REPLY

Please enter your comment!
Please enter your name here