ਅੰਮ੍ਰਿਤਸਰ(ਦ ਸਟੈਲਰ ਨਿਊਜ਼): ਯੂ. ਐਨ. ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤੱਕ ਚੱਲਣ ਵਾਲੇ 8 ਦਿਨਾਂ ਸੁਰ ਉਤਸਵ ਦੇ ਸਤਵੇਂ ਦਿਨ ਮੁੱਖ ਮਹਿਮਾਨ ਸ. ਮਨਦੀਪ ਸਿੰਘ ਮੰਨਾ ਸਮਾਜ ਸੇਵਕ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ਤੇ ਫੁੱਲਾ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। 8 ਦਿਨਾਂ ਸੁਰ ਉਤਸਵ ਦੇ ਸਤਵੇਂ ਦਿਨ ਬਾਲੀਵੂਡ ਦੇ ਮਸ਼ਹੂਰ ਸਦਾਬਹਾਰ ਅਦਾਕਾਰ ਜਤਿੰਦਰ ਕਪੂਰ ਤੇ ਫਿਲਮਾਏ ਹੋਏ ਗੀਤਾਂ ਨੂੰ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਗਾਏ। ਜਤਿੰਦਰ ਕਪੂਰ ਤੇ ਫਿਲਾਮਾਏ ਹੋਏ ਫਿਲਮੀ ਗੀਤਾਂ ਨੂੰ ਗਾਉਣ ਵਾਲੇ ਰੋਹਿਤ ਅਰੋੜਾ, ਦੈਵਿਕ ਧਵਨ, ਰਾਮ ਗੁਲਾਟੀ, ਸੁਨੀਲ ਕੁਮਾਰ, ਨਿਤਿਆ ਰਨਦੇਵ, ਰਾਜੀਵ ਬਹਿਲ, ਅਜੇ ਮਹਾਜਨ, ਰਾਕੇਸ਼ ਕੁਮਾਰ, ਨਵੀਨ ਬਜਾਜ, ਡਾ. ਰਵੀ ਸੈਣੀ, ਡਾ. ਭੁਪਿੰਦਰ ਨੇ ਖ਼ੂਬਸੂਰਤ ਗੀਤ ਗਾਏ। ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱਧ ਗਾਇਕ–ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਤੇ ਅੰਮ੍ਰਿਤਸਰ ਦੇ ਜੰਮਪਲ ਬਾਲੀਵੂਡ ਦੇ ਬਿਹਤਰੀਨ ਅਤੇ ਸਦਾਬਹਾਰ ਅਦਾਕਾਰ ਜਤਿੰਦਰ ਕਪੂਰ ਦੀ ਜੀਵਨੀ ਬਾਰੇ ਅਤੇ ਸੰਘਰਸ਼ਾਂ ਬਾਰੇ ਦੱਸਿਆ।
ਸਮਾਗਮ ਉਪਰੰਤ ਮੁੱਖ ਮਹਿਮਾਨ ਸ. ਮਨਦੀਪ ਸਿੰਘ ਮੰਨਾ ਨੇ ਸੁਰ ਉਤਸਵ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਲਾਕਾਰਾਂ ਦੀ ਹੋਸਲਾ ਅਫ਼ਜਾਈ ਕਰਦਿਆਂ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਹਰਪ੍ਰੀਤ ਸਿੰਘ, ਉਪਾਸਨਾ ਭਾਰਦਵਾਜ ਅਤੇ ਰਾਧਿਕਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸ਼੍ਰੋਮਣੀ ਬਾਲ ਸਹਿਤ ਪੁਰਸਕਾਰ ਕੁਲਬੀਰ ਸਿੰਘ ਸੂਰੀ, ਗੁਰਵਿੰਦਰ ਕੌਰ ਸੂਰੀ, ਦਲਜੀਤ ਅਰੋੜਾ, ਡਾ. ਦਰਸ਼ਨਦੀਪ, ਟੀ. ਐਸ ਰਾਜਾ, ਤਰਲੋਚਨ ਤੋਚੀ, ਗੁਰਤੇਜ ਮਾਨ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ, ਆਦਿ ਹਾਜ਼ਰ ਸਨ।