ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਲਈ 15 ਅਗਸਤ ਤੱਕ ਕੀਤਾ ਜਾ ਸਕਦੇ ਅਪਲਾਈ: ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਵਿਸ਼ੇਸ਼ ਤੌਰ ‘ਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਕਰਾਪ ਰੈਜ਼ੀਡਿਊ ਮੈਨੇਜਮੈਂਟ (ਸੀ.ਆਰ.ਐਮ) ਸਕੀਮ ਤਹਿਤ ਖੇਤੀ ਮਸ਼ੀਨਰੀ ਦੀ ਖ਼ਰੀਦ ‘ਤੇ ਸਬਸਿਡੀ ਲਈ 15 ਅਗਸਤ ਤੱਕ ਆਨਲਾਈਨ ਬਿਨੈ-ਪੱਤਰ ਮੰਗੇ ਗਏ ਹਨ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਪਲਾਉ, ਪੈਡੀ ਸਟਰਾਅ ਚੋਪਰ ਸਰੈਡਰ, ਮਲਚਰ, ਸਰਬ ਮਾਸਟਰ, ਰੋਟਰੀ ਸਲੈਸਰ, ਕਰਾਪ ਰੀਪਰ, ਬੇਲਰ ਅਤੇ ਰੇਕਰ ਮਸ਼ੀਨਾਂ ‘ਤੇ ਸਬਸਿਡੀ ਲੈਣ ਲਈ ਬਿਨੈ 15 ਅਗਸਤ ਤੱਕ ਦਿੱਤੇ ਜਾ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਹਵਾਨ ਬਿਨੈਕਾਰ ਵਿਅਕਤੀਗਤ ਕਿਸਾਨ, ਰਜਿਸਟਰਡ ਫਾਰਮ ਗਰੁੱਪ, ਪੰਚਾਇਤ, ਸਹਿਕਾਰੀ ਸਭਾ ਤੇ ਕਿਸਾਨ ਨਿਰਮਾਤਾ ਸੰਗਠਨ, ਐਫ.ਪੀ.ੳ ਵੱਲੋਂ ਵਿਭਾਗ ਦੇ ਵੈਬ ਪੋਰਟਲ https://agrimachinerypb.com/ ‘ਤੇ ਜਾ ਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਦੇ ਸਮੇਂ ਬਿਨੈਕਾਰ ਕੋਲ ਅਧਾਰ ਕਾਰਡ, ਪਾਸਪੋਰਟ ਸਾਈਜ਼ ਫ਼ੋਟੋ, ਕਿਸਾਨ ਗਰੁੱਪ ਅਪਲਾਈ ਕਰਨ ਲਈ ਕੋਆਪਰੇਟਿਵ ਸੋਸਾਇਟੀ ਰਜਿਸਟਰੇਸ਼ਨ ਸਰਟੀਫਿਕੇਟ, ਗਰੁੱਪ ਬੈਂਕ ਖਾਤੇ ਦੀ ਕਾਪੀ, ਗਰੁੱਪ ਦਾ ਪੈਨ ਕਾਰਡ, ਅਨੁਸੂਚਿਤ ਜਾਤੀ ਸਰਟੀਫਿਕੇਟ ਆਦਿ ਹੋਣਾ ਜ਼ਰੂਰੀ ਹੈ।

ਡਾ. ਹਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਤੇ ਨਕੇਲ ਪਾਈ ਜਾ ਸਕੇ ਤੇ ਵਾਤਾਵਰਣ ਵਿੱਚ ਫੈਲਣ ਵਾਲੇ ਹਵਾ ਪ੍ਰਦੂਸ਼ਣ, ਧਰਤੀ ਦੀ ਉਪਜਾਊ ਸ਼ਕਤੀ, ਮਨੁੱਖ ਤੇ ਹੋਰ ਜੀਵ ਜੰਤੂਆਂ ਦੀ ਸਿਹਤ ‘ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਾਂ ਕੋਈ ਤਕਨੀਕੀ ਜਾ ਗੈਰ ਤਕਨੀਕੀ ਮੁਸ਼ਕਲ ਆਉਣ ‘ਤੇ ਕਿਸਾਨ ਸਹਾਇਕ ਖੇਤੀਬਾੜੀ ਇੰਜੀਨੀਅਰ ਕੁਲਦੀਪ ਸਿੰਘ ਮੋਬਾਇਲ ਨੰਬਰ 8295401033 ਨਾਲ ਸੰਪਰਕ ਕਰ ਸਕਦੈ ਹਨ।

LEAVE A REPLY

Please enter your comment!
Please enter your name here