ਰਮਨ ਬਹਿਲ ਨੇ ਗੁਰਦਾਸਪੁਰ ਵਿੱਚ ਕੀਤੀ ਸਾਂਝਾ ਜਲ ਤਲਾਬ ਪ੍ਰਾਜੈਕਟ ਦੀ ਸ਼ੁਰੂਆਤ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਆਪਣੇ ਹਲਕੇ ਦੇ ਪਿੰਡ ਭੁੰਬਲੀ ਵਿਖੇ ਪਹੁੰਚ ਕੇ ਬਾਰਸ਼ ਦੇ ਪਾਣੀ ਦੀ ਸੁਚੱਜੀ ਵਰਤੋਂ ਨਾਲ ਸੰਬੰਧਤ ਸਾਂਝਾ ਜਲ ਤਲਾਬ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਪਿੰਡ ਵਿੱਚ ਬਾਰਸ਼ ਦਾ ਪਾਣੀ ਇਕੱਠਾ ਕਰਨ ਅਤੇ ਸੁਚੱਜੀ ਤਰ੍ਹਾਂ ਵਰਤਣ ਲਈ ਤਲਾਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਰਕਾਰ ਨੇ ਆਜਾਦੀ ਦੇ ਅੰਮ੍ਰਿਤ ਮਹਾੳਤਸਵ ਮੋਕੇ ਪਾਣੀ ਦੀ ਸਾਂਭ-ਸੰਭਾਲ ਲਈ ਮੁਹਿੰਮ ਚਲਾਈ ਹੈ। ਇਸ ਦੇ ਅੰਤਰਗਤ ਬਲਾਕ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਸਾਂਝਾ ਜਲ ਤਲਾਬ’ ਯੋਜਨਾ ਦੀ ਸ਼ੁਰੂਆਤ ਸ਼ਿਵ ਮੰਦਿਰ, ਜਠੇਰਿਆਂ ਅਤੇ ਪੀਰਾ ਦੀ ਜਗ੍ਹਾ ਤੇ ਅਰਦਾਸ ਬੇਨਤੀ ਕਰਕੇ ਕੀਤੀ ਗਈ। ਰਮਨ ਬਹਿਲ ਨੇ ਕਿਹਾ ਕਿ ਇਕ ਪਾਸੇ ਜਿੱਥੇ ਧਰਤੀ ਹੇਠਲਾ ਪਾਣੀ ਘੱਟਦਾ ਜਾ ਰਿਹਾ ਹੈ, ਉਥੇ ਹੀ ਸੀਵਰੇਜ ਪਾਣੀ ਦੀ ਸਮਸਿਆ ਦੀ ਵੀ ਚਿੰਤਾ ਹੈ। ਪਰ ਇਨ੍ਹਾਂ ਪ੍ਰਾਜੈਕਟਾਂ ਨਾਲ ਧਰਤੀ ਹੇਠਲੇ ਪਾਣੀ ਨੂੰ ਬਰਕਰਾਰ ਰੱਖਣ ਲਈ ਸਹਾਇਤਾ ਮਿਲੇਗੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਇੱਕ ਚੰਗੀ ਸੈਰਗਾਹ ਅਤੇ ਘੁੰਮਣਯੋਗ ਸਥਾਨ ਬਣਾਇਆ ਜਾਵੇਗਾ। ਸੂਬੇ ਦੀ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰੀਆਂ ਪੰਗਤੀਆਂ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦੇ ਅਸਲ ਮੰਤਵ ਨੂੰ ਸਮਝਦਿਆਂ ਹੋਇਆਂ ਇਹ ਯੋਜਨਾ ਸ਼ੁਰੂ ਕੀਤੀ ਹੈ। ਕੁਦਰਤ ਵੱਲੋਂ ਬਖਸ਼ੀਆਂ ਇਨਾਂ ਦਾਤਾਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਦੇ ਪਾਣੀ, ਹਵਾ ਤੇ ਧਰਤੀ ਨੂੰ ਬਚਾਉਣ ਲਈ ਸਾਰਿਆਂ ਨੂੰ ਰਲ ਮਿਲ ਕੇ ਬਚਾਉਣ ਲਈ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰੁੱਖਾਂ ਦਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਰੋਲ ਹੈ।

Advertisements

ਰਮਨ ਬਹਿਲ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਵੱਖ ਵੱਖ ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਥੇ ਸਾਂਝੀ ਜ਼ਮੀਨ ਵਿੱਚ ਤਲਾਬ ਬਣਾਏ ਜਾਣਗੇ ਜਿਨ੍ਹਾਂ ਵਿੱਚ ਬਰਸਾਤੀ ਪਾਣੀ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਗੁਰਦਾਸਪੁਰ ਬਲਾਕ ਦੇ ਪੰਜ ਪਿੰਡਾਂ ਵਿੱਚ ਅਜਿਹੇ ਤਲਾਬ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ ਪਹਿਲਾ ਤਲਾਬ ਪਿੰਡ ਭੁੰਬਲੀ ਵਿਖੇ ਬਣਾਇਆ ਜਾ ਰਿਹਾ ਹੈ। ਅੱਜ ਇਸ ਤਲਾਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਕਰੀਬ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ ਜਿਸ ਤੇ 19 ਲਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਐਡੀਸ਼ਨਲ ਪ੍ਰੋਗਰਾਮ ਅਫਸਰ ਸਰਤਾਜ ਸਿੰਘ ਨੇ ਦੱਸਿਆ ਕਿ ਇਸ ਤਲਾਬ ਦੀ ਡੂੰਘਾਈ ਕਰੀਬ ਛੇ ਫੁੱਟ ਹੋਵੇਗੀ ਜਿਸਦੇ ਕਿਨਾਰੇ ਤਿਰਛੇ ਬਣਾਏ ਜਾਣਗੇ। ਇਸ ਦੇ ਦੁਆਲੇ ਪੰਦਰਾਂ ਫੁੱਟ ਦਾ ਟਰੈਕ ਹੋਵੇਗਾ ਜਿਸ ਵਿਚੋਂ ਪੰਜ ਫੁੱਟ ਵਿਚ ਇੰਟਰਲਾਕ ਟਾਈਲ ਲਗਾ ਕੇ ਟਰੈਕ ਬਣਾਇਆ ਜਾਵੇਗਾ, ਜਿੱਥੇ ਲੋਕ ਸੈਰ ਕਰ ਸਕਣਗੇ। ਬਾਕੀ ਦੀ ਦੱਸ ਫੁੱਟ ਜਗ੍ਹਾ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣਗੇ, ਜਿਸ ਨਾਲ ਵਾਤਾਵਰਣ ਵੀ ਸ਼ੁੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਪੂਰੇ ਜ਼ਿਲ੍ਹੇ ਅੰਦਰ 75 ਪਿੰਡਾਂ ਵਿਚ ਅਜਿਹੇ ਤਲਾਬ ਬਣਾਏ ਜਾਣਗੇ। ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਕੈਪਟਨ ਭਗਵੰਤ ਸਿੰਘ ਨੇ ਪੂਰੇ ਪਿੰਡ ਵਾਸੀਆਂ ਵਲੋਂ ਰਮਨ ਬਹਿਲ ਦਾ ਅਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪਿੰਡ ਵਿੱਚ ਪਾਣੀ ਦੀ ਬੱਚਤ ਕਰਨ ਲਈ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਰਮਨ ਬਹਿਲ ਦਾ ਪਿੰਡ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਇਸ ਪਿੰਡ ਵਿੱਚ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਭਾਰਤ ਭੂਸ਼ਨ, ਜੇ ਈ ਰਮਨ ਕੁਮਾਰ, ਦੀਪਕ ਸ਼ਰਮਾ, ਪੁਨੀਤ ਤਰਕੁਲਾ, ਲਖਵਿੰਦਰ ਸਿੰਘ, ਜੈਪਾਲ ਸਿੰਘ, ਮਨਪ੍ਰੀਤ ਸਿੰਘ ਰੋੜਾਂਵਾਲੀ, ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਿੰਡ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here