ਖੇਡ ਮੰਤਰੀ ਮੀਤ ਹੇਅਰ ਨੇ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗਮਾ ਜੇਤੂ ਵੇਟ ਲਿਫਟਰ ਹਰਜਿੰਦਰ ਕੌਰ ਨੂੰ ਮਿਲ ਕੇ ਦਿੱਤੀ ਵਧਾਈ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਠੋਸ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਸੂਬੇ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੈਡਲ ਸੂਚੀ ‘ਚ ਆਪਣਾ ਨਾਮ ਦਰਜ਼ ਕਰਵਾਉਣ ‘ਚ ਹੋਰ ਕਾਮਯਾਬ ਹੋ ਸਕਣ। ਖੇਡ ਮੰਤਰੀ ਅੱਜ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗ਼ਮਾ ਜੇਤੂ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਵੇਟ ਲਿਫਟਰ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋ ਵਧਾਈ ਦੇਣ ਪੁੱਜੇ ਹੋਏ ਸਨ।

Advertisements


  ਇਸ ਮੌਕੇ ਉਨ੍ਹਾਂ ਖਿਡਾਰਨ ਹਰਜਿੰਦਰ ਕੌਰ ਅਤੇ ਉਨ੍ਹਾਂ ਦੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਤੇ ਪਿਤਾ ਸ. ਸਾਹਿਬ ਸਿੰਘ ਨੂੰ ਇਸ ਉਪਲਬਧੀ ਦੀ ਵਧਾਈ ਦਿੰਦਿਆਂ ਕਿਹਾ ਕਿ ਹਰਜਿੰਦਰ ਕੌਰ ਵਰਗੀਆਂ ਧੀਆਂ ਸੂਬੇ ਦਾ ਸਰਮਾਇਆ ਹਨ, ਜਿਸ ਸਦਕਾ ਸੂਬੇ ਦਾ ਨਾਮ ਕੌਮਾਂਤਰੀ ਪੱਧਰ ਤੱਕ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਰਕਾਰਾਂ ਦਾ ਮੁੱਢਲਾ ਫਰਜ਼ ਹੈ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ‘ਚ ਖੇਡ ਸਭਿਆਚਾਰ ਪੈਦਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਹੋਰ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ।


ਖੇਡ ਮੰਤਰੀ ਨੇ ਕਿਹਾ ਕਿ ਹਰਜਿੰਦਰ ਕੌਰ ਦੀ ਸਖਤ ਮਿਹਨਤ ਤੇ ਲਗਨ ਨੇ ਉਸ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ ਤੇ ਅਜਿਹੇ ਖਿਡਾਰੀ ਨਵੇਂ ਉਭਰ ਰਹੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਹਰਜਿੰਦਰ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਖਿਡਾਰਨ ਵੱਲੋਂ ਹਾਲੇ ਸੂਬੇ ਦੀ ਝੋਲੀ ‘ਚ ਅਜਿਹੇ ਹੋਰ ਮੈਡਲ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰਨ ਨੂੰ ਜੋ ਇਨਾਮੀ ਰਾਸ਼ੀ ਦਿੱਤੀ ਜਾਣੀ ਹੈ ਉਹ ਜਲਦੀ ਹੀ ਸਮਾਗਮ ਕਰਕੇ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਨਵੀ ਸਪੋਰਟਸ ਪਾਲਿਸੀ ਲੈਕੇ ਆਵੇਗੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਸਤ ਮਹੀਨੇ ‘ਚ ਹੀ ਵੱਡੇ ਪੱਧਰ ‘ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਜਲਧੰਰ ਤੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ।


ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ, ਐਸ.ਡੀ.ਐਮ ਨਾਭਾ ਕਨੂੰ ਗਰਗ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ, ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜਦਾਨ ਵੀ ਖਿਡਾਰਨ ਹਰਜਿੰਦਰ ਕੌਰ ਨੂੰ ਪਿੰਡ ਮੈਹਸ ਵਿਖੇ ਮੁਬਾਰਕਬਾਦ ਦੇਣ ਪੁੱਜੇ। ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਹਰਜਿੰਦਰ ਕੌਰ ਨੇ ਵੇਟ ਲਿਫ਼ਟਿੰਗ ‘ਚ 71 ਕਿਲੋ ਵਰਗ ਵਿੱਚ ਇਹ ਪ੍ਰਾਪਤੀ ਕੀਤੀ। ਹਰਜਿੰਦਰ ਕੌਰ ਨੇ ਇਹ ਮੁਕਾਬਲਾ 93 ਕਿੱਲੋ ਸਨੈਚ ਅਤੇ 119 ਕਿੱਲੋ ਕਲੀਨ ਜਰਕ ਭਾਵ ਕੁੱਲ 212 ਕਿੱਲੋ ਨਾਲ ਜਿੱਤਿਆ। ਇੰਗਲੈਂਡ ਦੀ ਖਿਡਾਰੀ ਸਾਰਾਹ ਡੈਵੀਜ਼ ਨੇ ਇਸ ਮੁਕਾਬਲੇ ਵਿੱਚ 229 ਕਿੱਲੋ ਨਾਲ ਸੋਨ ਤਗ਼ਮਾ ਹਾਸਿਲ ਕੀਤਾ ਅਤੇ ਕੈਨੇਡਾ ਦੀ ਅਲੈਕਸਿਸ ਐਸ਼ਵਰਥ ਨੇ 214 ਕਿੱਲੋ ਨਾਲ ਚਾਂਦੀ ਤਗ਼ਮਾ ਹਾਸਿਲ ਕੀਤਾ। ਹਰਜਿੰਦਰ ਕੌਰ ਨੇ ਇਹ ਪ੍ਰਾਪਤੀ ਨਾਈਜੀਰੀਆ ਦੀ ਖਿਡਾਰੀ ਜੋਇ ਐਜ਼ੇ, ਜੋ ਕਿ ਪਿਛਲੇ ਸਮੇਂ ਵੱਖ ਵੱਖ ਕੌਮਾਂਤਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਵਿਜੇਤਾ ਹੋ ਚੁੱਕੀ ਹੈ, ਨੂੰ ਪਛਾੜ ਕੇ ਹਾਸਿਲ ਕੀਤੀ।

LEAVE A REPLY

Please enter your comment!
Please enter your name here