2.74 ਕਰੋੜ ਦੀ ਲਾਗਤ ਨਾਲ 183 ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਆਫ-ਗਰਿੱਡ ਸੋਲਰ ਪੈਨਲ ਸਿਸਟਮ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)।  ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ 112 ਜ਼ਿਲ੍ਹਿਆਂ ਨੂੰ ਐਸਪੀਰੇਸ਼ਨਲ ਜ਼ਿਲ੍ਹੇ ਵਜੋਂ ਘੋਸ਼ਿਤ ਕੀਤਾ ਹੈ। ਫਿਰੋਜ਼ਪੁਰ ਅਤੇ ਮੋਗਾ ਪੰਜਾਬ ਵਿੱਚ ਦੋ ਐਸਪੀਰੇਸ਼ਨਲ ਜ਼ਿਲ੍ਹੇ ਹਨ। ਐਸਪੀਰੇਸ਼ਨਲ ਜ਼ਿਲ੍ਹੇ ਉਹ ਜ਼ਿਲ੍ਹੇ ਹਨ ਜਿਨ੍ਹਾਂ ਦੇ ਬੁਨਿਆਦੀ ਮਾਪਦੰਡ ਜਿਵੇਂ ਕਿ ਸਿੱਖਿਆ, ਸਿਹਤ ਅਤੇ ਸੰਤੁਲਿਤ ਆਹਾਰ, ਵਿੱਤੀ ਸਮਾਵੇਸ਼ ਅਤੇ ਹੁਨਰ ਵਿਕਾਸ, ਖੇਤੀਬਾੜੀ ਅਤੇ ਜਲ ਸਰੋਤ, ਬੁਨਿਆਦੀ ਢਾਂਚਾ ਰਾਸ਼ਟਰੀ ਔਸਤ ਤੋਂ ਘੱਟ ਹਨ।

Advertisements

ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਇਨ੍ਹਾਂ 112 ਜ਼ਿਲ੍ਹਿਆਂ ਦੀ ਉਪਰੋਕਤ ਮਾਪਦੰਡਾਂ ਦੇ ਆਧਾਰ ਤੇ ਮਹੀਨਾਵਾਰ ਚੈਕਿੰਗ ਕਰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਵੱਖ-ਵੱਖ ਵਿਭਾਗਾਂ ਦੁਆਰਾ ਕੀਤੇ ਗਏ ਅਣਥੱਕ ਯਤਨਾਂ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਨੇ ਕਈ ਵਾਰ ਵਧੀਆ ਰੈਂਕਿੰਗ ਹਾਸਲ ਕੀਤੀ ਹੈ ਅਤੇ ਇਸਦੇ ਲਈ ਇਨਾਮੀ ਰਾਸ਼ੀ ਵੀ ਜਿੱਤੀ ਹੈ। ਇਸ ਇਨਾਮੀ ਰਾਸ਼ੀ ਵਿੱਚੋਂ 2.74 ਕਰੋੜ ਰੁਪਏ ਜ਼ਿਲ੍ਹੇ ਦੇ 183 ਸਰਕਾਰੀ ਸਕੂਲਾਂ ਵਿੱਚ ਆਫ-ਗਰਿੱਡ ਸੋਲਰ ਪੈਨਲ ਸਿਸਟਮ ਲਗਾਉਣ ਲਈ ਮਨਜ਼ੂਰ ਕੀਤੇ ਗਏ। ਇਹ ਫੈਸਲਾ ਰਵਾਇਤੀ ਬਿਜਲੀ ਤੋਂ ਛੁਟਕਾਰਾ ਪਾਉਂਣ ਅਤੇ ਊਰਜਾ ਦੇ ਸਾਫ ਅਤੇ ਨਵਿਆਉਣਯੋਗ ਸਰੋਤਾਂ ਵੱਲ ਵਧਣ ਦੇ ਉਦੇਸ਼ ਨਾਲ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ, ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ, ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ, ਸਰਕਾਰੀ ਪ੍ਰਾਇਮਰੀ ਸਕੂਲ ਕੜਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਿਕ ਗੁੱਜਰਾਂ ਵਿੱਚ ਸੋਲਰ ਪਾਵਰ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬਾਕੀ 179 ਸਕੂਲਾਂ ਵਿੱਚ ਇਹ ਕੰਮ 3 ਮਹੀਨਿਆਂ ਦੇ ਅੰਦਰ ਕਾਰਜਸ਼ੀਲ ਹੋ ਜਾਣਗੇ। ਇਸ ਨਾਲ ਸਿੱਖਿਆ ਵਿਭਾਗ ਦੇ ਖਰਚੇ ਵਿੱਚ ਭਾਰੀ ਕਟੌਤੀ ਹੋਵੇਗੀ ਕਿਉਂਕਿ 841 ਵਿੱਚੋਂ 183 ਸਕੂਲ ਸੂਰਜੀ ਊਰਜਾ ਰਾਹੀਂ ਚਾਲੂ ਹੋਣਗੇ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਲਈ ਸਮਾਰਟ ਕਲਾਸਰੂਮਾਂ ਨੂੰ ਚਲਾਉਣ ਲਈ ਵੀ ਜ਼ਰੂਰੀ ਹੈ।

LEAVE A REPLY

Please enter your comment!
Please enter your name here