ਜ਼ਿਲਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਉਪਰਾਲੇ ਤਹਿਤ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲਾ ਗੁਰਦਾਸਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਦੂਰ-ਦੁਰਾਢੇ ਦੇ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਲੱਗ ਰਹੇ ਇਨਾਂ ਮੁਫ਼ਤ ਮੈਡੀਕਲ ਕੈਂਪਾਂ ਦਾ ਸਰਹੱਦੀ ਲੋਕਾਂ ਨੂੰ ਬਹੁਤ ਫ਼ਾਇਦਾ ਪਹੁੰਚ ਰਿਹਾ ਹੈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਵਾਈ ਲੈ ਕੇ ਠੀਕ ਹੋ ਰਹੇ ਹਨ।

Advertisements

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਮੈਡੀਕਲ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਸਤੰਬਰ 2022 ਨੂੰ ਕਲਾਨੌਰ ਬਲਾਕ ਦੇ ਤਿੰਨ ਪਿੰਡਾਂ ਗੱਦੀਆਂ ਕਲਾਂ, ਕਮਾਲਪੁਰ ਅਤੇ ਕੁੱਕਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ 1 ਸਤੰਬਰ ਵੀਰਵਾਰ ਨੂੰ ਪਹਿਲਾ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬਲਾਕ ਕਲਾਨੌਰ ਦੇ ਪਿੰਡ ਗੱਦੀਆਂ ਕਲਾਂ ਵਿਖੇ ਲੱਗੇਗਾ ਜਦਕਿ ਦੂਸਰਾ ਕੈਂਪ ਦੁਪਹਿਰ 12:30 ਤੋਂ 02:30 ਵਜੇ ਤੱਕ ਪਿੰਡ ਕਮਾਲਪੁਰ ਜੱਟਾਂ ਵਿਖੇ ਲੱਗੇਗਾ। ਉਨਾਂ ਦੱਸਿਆ ਕਿ 1 ਸਤੰਬਰ ਦਾ ਤੀਸਰਾ ਤੇ ਆਖਰੀ ਕੈਂਪ ਵੀ ਕਲਾਨੌਰ ਬਲਾਕ ਦੇ ਪਿੰਡ ਕੁੱਕਰ ਵਿਖੇ ਬਾਅਦ ਦੁਪਹਿਰ 03:00 ਵਜੇ ਤੋਂ ਸ਼ਾਮ 05:00 ਵਜੇ ਤੱਕ ਲੱਗੇਗਾ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ ਉਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। ਉਨਾਂ ਨੇ ਸਬੰਧਤ ਪਿੰਡਾਂ ਅਤੇ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੈਡੀਕਲ ਕੈਂਪਾਂ ਦਾ ਲਾਹਾ ਉਠਾਉਣ ਅਤੇ ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਹ ਆਪਣਾ ਚੈੱਕਅਪ ਜਰੂਰ ਕਰਵਾਏ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪਾਂ ਦਾ ਇਹ ਸਿਲਸਲਾ ਅੱਗੇ ਵੀ ਜਾਰੀ ਰਹੇਗਾ।

LEAVE A REPLY

Please enter your comment!
Please enter your name here