ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਲਗਾਇਆ ਫਸਟ ਏਡ ਟ੍ਰੇਨਿੰਗ ਕੈਂਪ

ਪਟਿਆਲਾ, (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਦੁਰਘਟਨਾ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਲਈ ਪੰਜ ਦਿਨਾਂ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਉਤੇ ਲਗਾਏ ਪੰਜ ਦਿਨਾਂ ਕੈਂਪ ਵਿੱਚ 75 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਫਸਟ ਏਡ ਟ੍ਰੇਨਿੰਗ ਦੇ ਨਾਲ-ਨਾਲ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਸਬੰਧੀ ਵੀ ਜਾਗਰੂਕ ਕੀਤਾ ਗਿਆ।

Advertisements

ਟ੍ਰੇਨਿੰਗ ਦੌਰਾਨ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਸੈਂਟ ਜੋਨ ਜਸਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਬੇਸਿਕ ਫਸਟ-ਏਡ, ਸੀ.ਪੀ.ਆਰ. ਬਨਾਉਟੀ ਸਾਹ ਕਿਰਿਆ, ਹਾਰਟ ਅਟੈਕ ਅਤੇ ਪੀੜਤ ਦੀ ਸੇਵਾ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਲੈਕਚਰਾਰ ਹਰਿੰਦਰ ਸਿੰਘ ਨੇ ਟਰੈਫ਼ਿਕ ਪੁਲਿਸ ਦੇ ਅਧਿਕਾਰਾਂ, ਸੜਕਾਂ ਦੇ ਨਿਯਮਾਂ, ਚਿੰਨ੍ਹਾਂ ਅਤੇ ਡਰਾਈਵਰ ਦੀ ਜ਼ਿੰਮੇਵਾਰੀਆਂ ਤੇ ਉਤਮ ਡਰਾਈਵਰ ਦੇ ਗੁਣ ਦੱਸੇ ਤਾਂ ਜੋ ਚਲਾਨ, ਹਾਦਸੇ ਤੇ ਨੁਕਸਾਨ ਤੋ ਬਚਾਅ ਕੀਤਾ ਜਾ ਸਕੇ।

ਪੰਜ ਦਿਨਾਂ ਟ੍ਰੇਨਿੰਗ ਦੌਰਾਨ ਲੈਕਚਰਾਰ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਦਿਨੋਂ ਦਿਨ ਪਲੀਤ ਹੁੰਦੇ ਵਾਤਾਵਰਣ ਦੀ ਸੰਭਾਲ ਲਈ ਹਰੇਕ ਨਾਗਰਿਕ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਪਰਾਲੀ ਪ੍ਰਬੰਧਨ ਸਬੰਧੀ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ ਕਿਹਾ ਕਿ ਕਿਸੇ ਵੀ ਵੱਡੇ ਬਦਲਾਅ ਵਿੱਚ ਨੌਜਵਾਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਤੇ ਜੇਕਰ ਪਰਾਲੀ ਦੇ ਸਹੀ ਨਿਪਟਾਰੇ ਲਈ ਜਾਗਰੂਕਤਾ ਮੁਹਿੰਮ ਨੌਜਵਾਨਾਂ ਵੱਲੋਂ ਚਲਾਈ ਜਾਵੇ ਤਾਂ ਇਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਤੇ ਸਟਾਫ਼ ਨੇ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ।

LEAVE A REPLY

Please enter your comment!
Please enter your name here