ਅੱਖ-ਦਾਨ ਪੰਦਰਵਾੜਾ: ਚੇਤਨ ਜੌੜਾਮਾਜਰਾ ਵੱਲੋਂ ਖ਼ੁਦ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਹੋਰਨਾਂ ਨੂੰ ਪ੍ਰੇਰਤ ਕਰਨ ਦੀ ਨਿਵੇਕਲੀ ਪਹਿਲਕਦਮੀੇ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖ਼ੁਦ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਪੰਜਾਬ ਰਾਜ ਵਿੱਚ ਅੱਖ ਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ। 37ਵੇਂ ਰਾਸ਼ਟਰੀ ਅੱਖ-ਦਾਨ ਪੰਦਰਵਾੜੇ ਦੌਰਾਨ ਇੱਥੇ ਸਰਕਾਰੀ ਡੈਂਟਲ ਕਾਲਜ ਦੇ ਆਡੀਟੋਰੀਅਮ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅੱਖ-ਦਾਨੀ ਅਤੇ ਰੌਸ਼ਨ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਇਸ ਮੌਕੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਚੇਤਨ ਸਿੰਘ ਜੌੜਾਮਾਜਰਾ, ਜ਼ਿਨ੍ਹਾਂ ਕੋਲ ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਹਸਪਤਾਲਾਂ ਨੂੰ ਕੇਵਲ ਰੈਫ਼ਰਲ ਹਸਪਤਾਲ ਨਹੀਂ ਬਣਨ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਪੁਰਾਣੀ ਸਾਖ ਬਹਾਲ ਕੀਤੀ ਜਾਵੇਗੀ ਅਤੇ ਇੱਥੇ ਡਾਕਟਰਾਂ ਦੀ ਕਮੀ ਪੂਰੀ ਕਰਨ ਦੇ ਨਾਲ-ਨਾਲ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਮਰੀਜਾਂ ਦਾ ਇਲਾਜ ਪੀ.ਜੀ.ਆਈ. ਦੀ ਤਰਜ਼ ‘ਤੇ ਹੋਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਉਹ ਅਜਿਹੀ ਤਜਵੀਜ਼ ਤਿਆਰ ਕਰਵਾ ਰਹੇ ਹਨ ਜਿਸ ਤਹਿਤ ਇੱਕ ਵਿਸ਼ੇਸ਼ ਪੈਕੇਜ ਬਣਾ ਕੇ ਬਾਹਰਲੇ ਮੁਲਕਾਂ ਦੇ ਲੋਕਾਂ ਦਾ ਇਲਾਜ ਵੀ ਸਰਕਾਰੀ  ਰਾਜਿੰਦਰਾ ਹਸਪਤਾਲ ਵਿਖੇ ਸਸਤੇ ਰੇਟਾਂ ‘ਤੇ ਕੀਤਾ ਜਾਵੇ, ਕਿਉਂਕਿ ਬਾਹਰਲੇ ਮੁਲਕਾਂ ‘ਚ ਇਲਾਜ ਬਹੁਤ ਮਹਿੰਗਾ ਹੈ।
ਜੌੜਾਮਾਜਰਾ ਨੇ ਕਿਹਾ ਕਿ ਉਹ ਅੱਖਾਂ ਦੇ ਮਾਹਰ ਤੇ ਵਿਧਾਇਕ ਡਾ. ਬਲਬੀਰ ਸਿੰਘ ਦੀ ਸਲਾਹ ਮੁਤਾਬਕ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਕਰੈਟੋਪਲਾਸਟੀ ਸਰਜਰੀ ਦਾ ਕੇਂਦਰ ਬਣਾਉਣ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਕਰੀਬ 10 ਸਾਲਾਂ ਤੋਂ ਬੰਦ ਪਏ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ ਆਪਰੇਸ਼ਨ ਦੁਬਾਰਾ ਸ਼ੁਰੂ ਹੋਣ ਮਗਰੋਂ ਇੱਥੇ ਮੁਫ਼ਤ ਕੋਰੋਨੀਆ ਟਰਾਂਸਪਲਾਂਟ ਕਰਵਾਕੇ ਅੱਖਾਂ ਦੀ ਰੌਸ਼ਨੀ ਮੁੜ ਪ੍ਰਾਪਤ ਕਰਨ ਵਾਲੇ ਤਿੰਨ ਮਰੀਜਾਂ, ਪਿੰਡ ਦੁਲੱਦੀ ਦੀ ਗੁਲਜ਼ਾਰ ਕੌਰ, ਪਾਤੜਾਂ ਦੀ ਸੀਮਾ ਰਾਣੀ ਤੇ ਚੀਕਾ ਤੋਂ ਤੇਜੋ ਦੇਵੀ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਦਾ ਸਿਹਤ ਮਾਡਲ ਹੈ। ਇਨ੍ਹਾਂ ਮਰੀਜਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ, ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਖਾਸ ਧੰਨਵਾਦ ਕੀਤਾ ਸੀ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲੀ ਤਰਜ਼ੀਹ ਹੈ ਕਿ ਪੰਜਾਬ ਇਲਾਜ ਪੱਖੋਂ ਦੇਸ਼ ਦਾ ਇੱਕ ਨੰਬਰ ਸੂਬਾ ਬਣੇ, ਇਸ ਲਈ ਇੱਥੇ ਸਾਡੇ ਵਿਦਿਆਰਥੀਆਂ ਨੂੰ ਸਸਤੀ ਮੈਡੀਕਲ ਪੜ੍ਹਾਈ ਪ੍ਰਦਾਨ ਕਰਨ ਲਈ 16 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਗੋਨਿਆਣਾ ਮੰਡੀ ਦੇ ਐਸ.ਐਮ.ਓ. ਡਾ. ਅਨਿਲ ਗੋਇਲ ਦਾ ਵਿਸ਼ੇਸ਼ ਜਿਕਰ ਕਰਦਿਆਂ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਰੀਜਾਂ ਨੂੰ ਸਿਹਤ ਸੇਵਾਵਾਂ ਪੂਰੀ ਤਨਦੇਹੀ ਨਾਲ ਪ੍ਰਦਾਨ ਕਰਨ ਲਈ ਸਰਕਾਰ ਦਾ ਸਾਥ ਇੱਕ ਟੀਮ ਬਣਕੇ ਦੇਣ। ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੇਲੇ ਪਟਿਆਲਾ ਕਰੈਟੋਪਲਾਸਟੀ (ਅੱਖਾਂ ਦੀਆਂ ਪੁਤਲੀਆਂ ਬਦਲਣ) ਦਾ ਕੇਂਦਰ ਹੁੰਦਾ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ ਪ੍ਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਿਹਤ ਸੇਵਾਵਾਂ ਵੱਲ ਪੂਰੀ ਤਵੱਜੋਂ ਦੇ ਰਹੀ ਹੈ।
ਅੱਖਾਂ ਦੇ ਮਾਹਰ ਵਿਧਾਇਕ ਡਾ. ਬਲਬੀਰ ਸਿੰਘ ਨੇ ਸ੍ਰੀ ਲੰਕਾ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਕਰਨ ਦੀ ਅਪੀਲ ਕਰਦਿਆਂ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦਾ ਇਲਾਜ ਕਰਵਾਉਣ ‘ਚ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਜਾਂ ਰਾਜ ਦੇ ਕਿਸੇ ਸਰਕਾਰੀ ਹਸਪਤਾਲ ‘ਚ ਮੁਫ਼ਤ ਇਲਾਜ ਕਰਵਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਖਾਂ ਦਾਨ ਕਰਨ ਦੀ ਮੁਹਿੰਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਉਪਰਾਲੇ ਕਰੇਗਾ ਤਾਂ ਕਿ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਗਵਾਉਣ ਵਾਲੇ ਮਰੀਜਾਂ ਨੂੰ ਅੱਖਾਂ ਮਿਲ ਸਕਣ।
ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਪਟਿਆਲਾ ਨੂੰ 2024 ਤੱਕ ਮੋਤੀਆ ਮੁਕਤ ਜ਼ਿਲ੍ਹਾ ਬਣਾਉਣ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਜਦਕਿ ਅੱਖਾਂ ਦਾਨ ਕਰਨ ਬਾਰੇ ਸੂਬਾ ਪ੍ਰੋਗਰਾਮ ਅਫ਼ਸਰ ਡਾ. ਨੀਤੀ ਸਿੰਗਲਾ ਨੇ ਅੱਖ ਦਾਨ ਪੰਦਰਵਾੜੇ ਬਾਬਤ ਦੱਸਿਆ ਤੇ ਡਾ. ਜਤਿੰਦਰ ਕਾਂਸਲ ਨੇ ਅੱਖਾਂ ਦਾਨ ਬਾਰੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਆਖਿਆ। ਪ੍ਰਿੰਸੀਪਲ ਡੈਂਟਲ ਕਾਲਜ ਡਾ. ਜੀ.ਐਸ. ਮਾਨ ਨੇ ਧੰਨਵਾਦ ਕੀਤਾ।
ਇਸ ਮੌਕੇ ਸਿਹਤ ਮੰਤਰੀ ਵੱਲੋਂ ਰਾਜ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ.) ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ‘ਚ ਸੰਗਰੂਰ ਤੋਂ ਨਰਿੰਦਰਪਾਲ ਸਿੰਘ, ਬਰਨਾਲਾ ਤੋਂ ਗੌਤਮ ਰਿਸ਼ੀ, ਫ਼ਾਜ਼ਿਲਕਾ ਤੋਂ ਦਿਵੇਸ਼ ਕੁਮਾਰ, ਰੂਪ ਨਗਰ ਤੋਂ ਰਿਤੂ ਮਹਿਤਾ ਤੇ ਪਟਿਆਲਾ ਤੋਂ ਸਰਬਜੀਤ ਸਿੰਘ ਵੀ ਸ਼ਾਮਲ ਸਨ। ਜਦੋਂਕਿ ਪਟਿਆਲਾ ਜ਼ਿਲ੍ਹੇ ਦੇ ਅੱਖਾਂ ਦੇ ਮਾਹਰ ਡਾਕਟਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਆਪ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਈਵੈਂਟ ਇੰਚਾਰਜ ਅੰਗਰੇਜ ਸਿੰਘ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਸਮੇਤ ਵਿਦਿਆਰਥੀ ਤੇ ਸਿਹਤ ਵਿਭਾਗ ਦਾ ਅਮਲਾ ਹਾਜ਼ਰ ਸੀ।

Advertisements

LEAVE A REPLY

Please enter your comment!
Please enter your name here