ਜੇਲ੍ਹ ਵਿਭਾਗ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਲਈ ‘ਪਰਿਵਾਰਕ ਮੁਲਾਕਾਤ’ ਦੀ ਨਿਵੇਕਲੀ ਸ਼ੁਰੂਆਤ

ਗੁਰਦਾਸਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵੱਲੋਂ ਕੇਂਦਰੀ ਸੁਧਾਰ ਘਰਾਂ ਵਿੱਚ ਨਜ਼ਰਬੰਦ ਕੈਦੀਆਂ ਅਤੇ ਹਵਾਲਾਤੀਆਂ ਲਈ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ‘ਪਰਿਵਾਰਕ ਮੁਲਾਕਾਤ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਮਕਸਦ ਕੈਦੀਆਂ ਨੂੰ ਸਮਾਜ ਵਿੱਚ ਵਿਚਰਨ, ਪਰਿਵਾਰਿਕ ਰਿਸ਼ਤੇ ਸੁਰਜੀਤ ਕਰਨ, ਜੇਲ੍ਹ ਮੁਲਾਜ਼ਮਾਂ ਵਿੱਚ ਵਿਸ਼ਵਾਸ ਤੇ ਆਪਣੀਆਂ ਪਰਿਵਾਰਿਕ ਜੁੰਮੇਵਾਰੀਆਂ ਨੂੰ ਸਮਝਣ ਦਾ ਇੱਕ ਉਪਰਾਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸੁਧਾਰ ਘਰ ਦੇ ਸੁਪਰਡੈਂਟ ਸ. ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ‘ਪਰਿਵਾਰਕ ਮੁਲਾਕਾਤ’ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀਆਂ ਦਾ ਜੇਲ੍ਹ ਵਿੱਚ ਚਾਲ-ਚਲਣ ਵਧੀਆ ਹੈ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ, ਜਿਸ ਤਹਿਤ ਹਵਾਲਾਤੀ ਜਾਂ ਕੈਦੀ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਕੋਲ ਬੈਠ ਕੇ ਇੱਕ ਘੰਟੇ ਤੱਕ ਮੁਲਾਕਾਤ ਕਰ ਸਕਣਗੇ।

Advertisements

ਉਨ੍ਹਾਂ ਦੱਸਿਆ ਕਿ ਮੁਲਾਕਾਤ ਲਈ ਬੁਕਿੰਗ ਜੇਲ੍ਹ ਸਟਾਫ ਦੁਆਰਾ ਕਰਨ ਦੇ ਨਾਲ ਪਰਿਵਾਰਕ ਮੈਂਬਰ ਪੋਰਟਲ ਰਾਹੀਂ ਵੀ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਦੀਆਂ ਤੇ ਹਵਾਲਾਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਜੇਲ੍ਹ ਵਿੱਚ ਵਿਸ਼ੇਸ਼ ਕਮਰੇ ਬਣਾਏ ਗਏ ਹਨ ਜਿਥੇ ਉਨ੍ਹਾਂ ਵੱਲੋਂ ਮੁਲਾਕਾਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਵੱਲੋਂ ਦੂਰ ਤੋਂ ਹੀ ਉਨ੍ਹਾਂ ’ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਪਰਿਵਾਰਕ ਮੈਂਬਰ ਖੁੱਲ ਕੇ ਆਪਸੀ ਗੱਲਬਾਤ ਕਰ ਸਕਣ। ਉਨ੍ਹਾਂ ਕਿਹਾ ਕਿ ਮੁਲਾਕਾਤ ਲਈ ਇੱਕ ਪਰਿਵਾਰ ਨੂੰ 1 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਅਤੇ ਬੰਦੀ ਆਪਣੇ ਪਰਿਵਾਰ ਲਈ ਜੇਲ੍ਹ ਦੀ ਕੰਨਟੀਨ ਤੋਂ ਚਾਹ ਪਾਣੀ ਮੰਗਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਸ ਫੈਸਲੇ ਨਾਲ ਹਵਾਲਾਤੀਆਂ ਤੇ ਕੈਦੀਆਂ ਵਿੱਚ ਮਨੋਵਿਗਿਆਨਿਕ ਤੌਰ ’ਤੇ ਵੱਡੇ ਬਦਲਾਅ ਆਉਣਗੇ ਅਤੇ ਉਹ ਇੱਕ ਚੰਗੇ ਨਾਗਰਿਕ ਬਣ ਕੇ ਦੁਬਾਰਾ ਸਮਾਜ ਵਿੱਚ ਆਪਣੀ ਥਾਂ ਬਣਾ ਸਕਣਗੇ।

ਅੱਜ ‘ਪਰਿਵਾਰਕ ਮੁਲਾਕਾਤ’ ਦੌਰਾਨ 10 ਪਰਿਵਾਰਾਂ ਵੱਲੋਂ ਮੁਲਾਕਾਤ ਕੀਤੀ ਗਈ ਅਤੇ ਸਾਰੇ ਹੀ ਪਰਿਵਾਰਾਂ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਅੱਜ ਦੀਆਂ ਮੁਲਾਕਾਤਾਂ ਦੌਰਾਨ ਛੋਟੇ ਬੱਚੇ ਤੇ ਹੋਰ ਪਰਿਵਾਰਕ ਮੈਂਬਰ ਜੇਲ੍ਹ ਵਿੱਚ ਬੰਦ ਆਪਣੇ ਸਨੇਹੀਆਂ ਦੇ ਗਲੇ ਲੱਗ ਮਿਲੇ ਤਾਂ ਮਾਹੌਲ ਭਾਵੁਕ ਹੋ ਗਿਆ। ਕਈ ਬੱਚੇ ਸਾਰੀ ਮੁਲਾਕਾਤ ਦੌਰਾਨ ਆਪਣੇ ਪਿਤਾ ਦੀ ਗੋਦੀ ਵਿਚੋਂ ਨਹੀਂ ਉੱਤਰੇ। ਕੈਦੀਆਂ ਅਤੇ ਹਵਾਲਾਤੀਆਂ ਨੇ ਇਸ ਪ੍ਰੋਗਰਾਮ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। 

LEAVE A REPLY

Please enter your comment!
Please enter your name here