ਕੇਂਦਰੀ ਸਕੀਮਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕੀਤੇ ਜਾਣ ‘ਤੇ ਕੇਂਦਰੀ ਬਿਜਲੀ ਮੰਤਰੀ ਵੱਲੋਂ ਤਸੱਲੀ ਦਾ ਪ੍ਰਗਟਾਵਾ

ਪਟਿਆਲਾ (ਦ ਸਟੈਲਰ ਨਿਊਜ਼): ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਪਟਿਆਲਾ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਕੇਂਦਰੀ ਸਕੀਮਾਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆਂ ਇਨ੍ਹਾਂ ਨੂੰ ਜਮੀਨੀ ਪੱਧਰ ਉਤੇ ਲਾਗੂ ਕਰਨ ਉਪਰ ਤਸੱਲੀ ਦਾ ਇਜ਼ਹਾਰ ਕੀਤਾ ਹੈ। ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੇਂਦਰੀ ਸਕੀਮਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਫੰਡ 100 ਫੀਸਦੀ ਵਰਤੇ ਜਾਣੇ ਯਕੀਨੀ ਬਣਾਏ ਜਾਣ ਅਤੇ ਇਨ੍ਹਾਂ ਦੇ ਲਾਭ ਹੇਠਲੇ ਪੱਧਰ ‘ਤੇ ਲਾਭਪਾਤਰੀਆਂ ਤੱਕ ਪੁੱਜਦੇ ਕੀਤੇ ਜਾਣ।

Advertisements


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਰ.ਕੇ. ਸਿੰਘ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਜਦਕਿ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਕੇਂਦਰੀ ਸਕੀਮਾਂ ਬਾਰੇ ਪ੍ਰੈਜੈਂਟੇਸ਼ਨ ਪੇਸ਼ ਕੀਤੀ। ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਦੇਣ ਵਿੱਚ ਪਟਿਆਲਾ ਜ਼ਿਲ੍ਹੇ ਦੇ ਰਾਜ ਵਿੱਚੋਂ ਮੋਹਰੀ ਰਹਿਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹਾਤਮਾ ਗਾਂਧੀ ਰੋਜ਼ਗਾਰ ਗਰੰਟੀ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਕੇਂਦਰੀ ਪ੍ਰਾਯੋਜਿਤ ਪੈਨਸ਼ਨ ਯੋਜਨਾ ਆਦਿ ਦੀ ਸਮੀਖਿਆ ਕੀਤੀ। ਪਾਣੀ ਬਚਾਓ ਪੈਸੇ ਕਮਾਓ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਉਪਰਾਲੇ ਕੀਤੇ ਜਾਣ ਅਤੇ ਅੰਮ੍ਰਿਤ ਸਰੋਵਰ ਸਕੀਮ ਨੂੰ ਸਫ਼ਲ ਬਣਾਇਆ ਜਾਵੇ।


ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਸੜਕਾਂ ਦੀ ਨਿਰਮਾਣ ਸਮੱਗਰੀ ਦਾ ਮਿਆਰ ਉੱਚ ਪੱਧਰੀ ਰੱਖਣ ਸਮੇਤ ਸਮੇਂ-ਸਮੇਂ ‘ਤੇ ਇਸ ਦੀ ਗੁਣਵੱਤਾ ਜਾਂਚ ਲਈ ਐਸ.ਡੀ.ਐਮਜ਼ ‘ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕਰਨ ਲਈ ਆਖਿਆ। ਆਰ. ਕੇ. ਸਿੰਘ ਨੇ ਬੇਟੀ ਬਚਾਓ ਬੇਟੀ ਪੜਾਓ, ਸਵੱਛ ਭਾਰਤ ਸਕੀਮ, ਦੀਨ ਦਿਆਲ ਉਪਾਧਯਾ ਗ੍ਰਾਮ ਜਯੋਤੀ ਯੋਜਨਾ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਆਦਿ ਹੋਰ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਇੱਕ ਵਿਸ਼ੇਸ਼ ਪ੍ਰਣਾਲੀ ਵਿਕਸਤ ਕੀਤੀ ਜਾਵੇ ਤਾਂ ਕਿ ਇਸ ਯੋਜਨਾ ਦਾ ਲਾਭ ਕਿਸਾਨਾਂ ਨੂੰ ਸਮੇਂ ਸਿਰ ਮਿਲ ਸਕੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਮੀਟਿੰਗ ਵਿੱਚ ਏ.ਡੀ.ਸੀ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਸਥਾਨਕ ਹਰਬੰਤ ਕੌਰ, ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਸਮੇਤ ਸਮੂਹ ਐਸ.ਡੀ.ਐਮਜ਼ ਅਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here