ਡਿਪਟੀ ਕਮਿਸ਼ਨਰ ਵੱਲੋਂ ਬਰਸਾਤ ਕਾਰਨ ਨਦੀਆਂ ‘ਚ ਵਧੇ ਪਾਣੀ ਦੇ ਪੱਧਰ ਦਾ ਜਾਇਜ਼ਾ

ਪਟਿਆਲਾ (ਦ ਸਟੈਲਰ ਨਿਊਜ਼): ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਰਕੇ ਘੱਗਰ ਤੇ ਹੋਰ ਨਦੀਆਂ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਤਾਜਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਘੱਗਰ ਦਰਿਆ, ਮੀਰਾਪੁਰ ਚੋਅ ਅਤੇ ਟਾਂਗਰੀ ਨਦੀ ਦਾ ਦੌਰਾ ਕੀਤਾ। ਉਨ੍ਹਾਂ ਨੇ ਬੱਲਮਗੜ੍ਹ, ਹਡਾਣਾ ਤੇ ਦੇਵੀਗੜ੍ਹ-ਪਿਹੋਵਾ ਰੋਡ ਵਿਖੇ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਂਦਿਆਂ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਦੀਆਂ ਵਿੱਚ ਵਧੇ ਹੋਏ ਪਾਣੀ ਦੇ ਪੱਧਰ ਕਰਕੇ ਠੀਕਰੀ ਪਹਿਰੇ ਲਗਾਏ ਜਾਣ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਨੂੰ ਚੌਕਸ ਕਰ ਦਿੱਤਾ ਗਿਆ ਹੈ। ਡਰੇਨੇਜ਼ ਵਿਭਾਗ ਸਮੇਤ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਰੇ ਹੜ੍ਹ ਕੰਟਰੋਲ ਰੂਮ ਕਾਰਜਸ਼ੀਲ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਦਕਿ ਪਟਿਆਲਾ ਦੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਮਾਣਾ ਦੇ ਐਸ.ਡੀ.ਐਮ. ਚਰਨਜੀਤ ਸਿੰਘ, ਰਾਜਪੁਰਾ ਦੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਨਾਭਾ ਦੇ ਐਸ.ਡੀ.ਐਮ. ਕੰਨੂ ਗਰਗ, ਦੂਧਨ ਸਾਧਾਂ ਦੇ ਐਸ.ਡੀ.ਐਮ. ਕਿਰਪਾਲ ਵੀਰ ਸਿੰਘ ਤੇ ਪਾਤੜਾਂ ਦੇ ਐਸ.ਡੀ.ਐਮ. ਨਵਦੀਪ ਕੁਮਾਰ ਵੱਲੋਂ ਆਪਣੇ ਇਲਾਕਿਆਂ ਅੰਦਰੋਂ ਲੰਘਦੇ ਨਦੀਆਂ ਤੇ ਨਾਲਿਆਂ ਦਾ ਖ਼ੁਦ ਨਿਰੀਖਣ ਕੀਤਾ ਗਿਆ ਹੈ।

Advertisements

ਡਿਪਟੀ ਕਮਿਸ਼ਨਰ ਨੇ ਘੱਗਰ ਸਮੇਤ ਬਾਕੀ ਨਦੀਆਂ ਦੇ ਵਹਾਅ ਅਤੇ ਪਾਣੀ ਦੇ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਲਈ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖ਼ਤਰੇ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਪੂਰੀ ਤਿਆਰੀ ਕਰਕੇ ਰੱਖੀ ਜਾਵੇ। ਐਕਸੀਐਨ ਬੈਂਸ ਨੇ ਦੱਸਿਆ ਕਿ ਦਰਿਆਵਾਂ ਵਿੱਚ ਪਾਣੀ ਦੇ ਵਹਾਅ ਨੂੰ ਨਿਰਵਿਘਨ ਜਾਰੀ ਰੱਖਣ ਲਈ ਬੂਟੀ ਨੂੰ ਕੱਢੇ ਜਾਣ ਸਮੇਤ ਖ਼ਤਰੇ ਵਾਲੀਆਂ ਥਾਵਾਂ ਵਿਖੇ ਜੇ.ਸੀ.ਬੀ. ਮਸ਼ੀਨਾਂ ਸਮੇਤ ਹੋਰ ਮਸ਼ੀਨਰੀ ਪਹਿਲਾਂ ਹੀ ਤਾਇਨਾਤ ਕੀਤੀ ਹੋਈ ਹੈ।

LEAVE A REPLY

Please enter your comment!
Please enter your name here