ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਕੈਂਡਲ ਮਾਰਚ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਅਤੇ ਉਹ ਇਸ ਕੈਂਡਲ ਮਾਰਚ ਵਿਚ ਅਧਿਕਾਰੀਆਂ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਪੀਲੀਆਂ ਪੱਗਾਂ ਬੰਨ ਕੇ ਸ਼ਾਮਲ ਹੋਏ। ਸਥਾਨਕ ਡੀ.ਏ.ਵੀ. ਕਾਲਜ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਨਿਕਲੇ ਇਸ ਕੈਂਡਲ ਮਾਰਚ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਇਸ ਕੈਂਡਲ ਮਾਰਚ ਵਿਚ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਸਬੰਧਤ ਨਾਅਰਿਆਂ ‘ਇਨਕਲਾਬ ਜਿੰਦਾਬਾਦ’ ਅਤੇ ਭਗਤ ਸਿੰਘ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਨਾਲ ਜੋਸ਼ ਭਰਨ ਵਾਲੇ ਯੁਵਾ ਵਰਗ ਦੀ ਸ਼ਮੂਲੀਅਤ ਸਿੱਧ ਕਰਦੀ ਸੀ ਕਿ ਸ਼ਹੀਦ-ਏ-ਆਜਮ ਦੀ ਲੋਕਪ੍ਰਿਅਤਾ ਦਾ ਕੋਈ ਅੰਤ ਨਹੀਂ ਹੈ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਪੰਜਾਬ ਦੀ ਸੇਵਾ ਸੰਭਾਲੀ ਸੀ, ਜਿਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਅਤੇ ਇਸ ਨੂੰ ਰੰਗਲਾ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਇਸ ਮੌਕੇ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਵੀ ਕੀਤਾ, ਜੋ ਬਹੁ ਗਿਣਤੀ ਵਿਚ ਇਸ ਕੈਂਡਲ ਮਾਰਚ ਵਿਚ ਸ਼ਾਮਲ ਹੋਣ ਲਈ ਆਏ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ, ਇਸ ਲਈ ਸਾਨੂੰ ਉਨ੍ਹਾਂ ਦੇ ਪੂਰਨਿਆਂ ’ਤੇ ਚੱਲ ਕੇ ਇਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਪੂਰਾ ਦਿਨ ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਰਿਹਾ ਹੈ, ਜਿਸ ਦੌਰਾਨ ਜ਼ਿਲ੍ਹੇ ਵਿਚ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮ ਕਰਵਾਏ ਗਏ ਹਨ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ,  ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਜ਼ਿਲ੍ਹਾ ਮਾਲ ਅਫ਼ਸਰ ਗੁਰਮੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰਜ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਸਾਰੇ ਕੌਂਸਲਰ, ਅਧਿਕਾਰੀ,  ਕਰਮਚਾਰੀ, ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹਿਮ ਸ਼ਖਸੀਅਤਾਂ ਅਤੇ ਸ਼ਹਿਰੀ ਵਾਸੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here