ਵਿਜੀਲੈਂਸ ਵਲੋਂ 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਸਪ ਦਾ ਇੰਸਪੈਕਟਰ ਗ੍ਰਿਫਤਾਰ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬਰਨਾਲਾ ਵਿਖੇ ਤਾਇਨਾਤ ਪਨਸਪ ਦੇ ਇੰਸਪੈਕਟਰ ਰਮਨ ਗੌੜ ਨੂੰ 25000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਧਰ ਇੱਕ ਹੋਰ ਮਾਮਲੇ ਵਿੱਚ ਪਿੰਡ ਅਜਨੌਦਾ ਖੁਰਦ, ਪਟਿਆਲਾ ਦੀ ਸਾਬਕਾ ਸਰਪੰਚ ਨੂੰ ਪੰਚਾਇਤੀ ਫੰਡਾਂ ਵਿੱਚ 5.70 ਲੱਖ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਐਫਆਈਆਰ ਨੰਬਰ 25/21 ਦੀ ਪੜਤਾਲ ਦੌਰਾਨ ਉਕਤ ਇੰਸਪੈਕਟਰ ਪਨਸਪ ਨੂੰ ਮੁਲਜ਼ਮ ਵਜੋਂ ਨਾਮਜਦ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਸ ‘ਤੇ ਦੋਸ਼ ਹਨ ਕਿ ਉਸ ਨੇ ਪਨਸਪ ਦੇ ਇਕ ਹੋਰ ਇੰਸਪੈਕਟਰ ਪੁਖਰਾਜ ਸਿੰਗਲਾ ਨਾਲ ਮਿਲ ਕੇ ਇਕ ਆੜਤੀਏ ਕੋਲੋਂ ਉਸਦੇ ਬਿੱਲਾਂ ਦੀ ਅਦਾਇਗੀ ਕਰਨ ਲਈ 25,000 ਰੁਪਏ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ਵਿੱਚ ਪੁਖਰਾਜ ਸਿੰਗਲਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਟੀਮ ਨੇ ਤਲਾਸ਼ੀ ਦੌਰਾਨ ਰਮਨ ਗੌੜ ਕੋਲੋਂ 3.40 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇੱਕ ਹੋਰ ਕੇਸ ਵਿੱਚ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਪਿੰਡ ਅਜਨੌਦਾ ਖੁਰਦ, ਜਿਲਾ ਪਟਿਆਲਾ ਦੀ ਸਾਬਕਾ ਸਰਪੰਚ ਸੁਖਵਿੰਦਰ ਕੌਰ ਨੂੰ ਉਸਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 5.70 ਲੱਖ ਰੁਪਏ ਦੇ ਗਬਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਨਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here