ਨਹਿਰੂ ਯੁਵਾ ਕੇਂਦਰ ਤੇ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕਲੀਨ ਇੰਡੀਆ ਮੁਹਿੰਮ ਦੇ ਤਹਿਤ ਮੈਗਾ ਕਲੀਨ ਡਰਾਈਵ ਦੀ ਸ਼ੁਰੂਆਤ

ਗੁਰਦਾਸਪੁਰ, ( ਦ ਸਟੈਲਰ ਨਿਊਜ਼)। ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਅਕਤੂਬਰ ਮਹੀਨਾ ‘ਕਲੀਨ ਇੰਡੀਆ’ ਮੁਹਿੰਮ ਤਹਿਤ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਡਿਸਟ੍ਰਿਕਟ ਯੂਥ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਦੀ ਅਗਵਾਈ ਹੇਠ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਕਲੀਨ ਇੰਡੀਆ ਦੇ ਤਹਿਤ ਵੱਖ-ਵੱਖ ਬਲਾਕਾਂ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ‘ਕਲੀਨ ਇੰਡੀਆ’ ਮੁਹਿੰਮ ਤਹਿਤ ਅੱਜ ਨਹਿਰੂ ਯੁਵਾ ਕੇਂਦਰ ਵੱਲੋਂ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਪਾਰਕ ਗੁਰਦਾਸਪੁਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਡਿਸਟ੍ਰਿਕਟ ਯੂਥ ਕੋਆਰਡੀਨੇਟਰ ਮੈਡਮ ਸੰਦੀਪ ਕੌਰ, ਡੀ.ਪੀ.ਆਰ.ਓ. ਇੰਦਰਜੀਤ ਸਿੰਘ, ਈ.ਓ. ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ. ਅਸ਼ੋਕ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ।

Advertisements

ਇਸ ਮੌਕੇ ਮੈਡਮ ਸੰਦੀਪ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਲੀਨ ਇੰਡੀਆ ਅਭਿਆਨ ਤਹਿਤ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਸੁਹਿਰਦ ਯਤਨ ਕਰਨ। ਉਨ੍ਹਾਂ ਦੱਸਿਆ ਕਿ ਸਫ਼ਾਈ ਵਿੱਚ ਹੀ ਖ਼ੁਦਾਈ ਹੁੰਦੀ ਹੈ ਅਤੇ ਆਪਣੇ ਚੌਗਿਰਦੇ ਨੂੰ ਸਾਫ਼ ਰੱਖਣਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਅਤੇ ਬਜ਼ਾਰ ਜਾਣ ਸਮੇਂ ਘਰ ਤੋਂ ਹੀ ਕੱਪੜੇ ਜਾਂ ਜੂਟ ਦਾ ਥੈਲਾ ਲੈ ਕੇ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ‘ਕਲੀਨ ਇੰਡੀਆ’ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਵੀ ਸਵੱਛ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਗੁਰਦਾਸਪੁਰ ਸ਼ਹਿਰ ਨੂੰ ਸਫ਼ਾਈ ਪੱਖੋਂ ਬੇਹਤਰ ਸ਼ਹਿਰ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਵੱਲੋਂ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਲਿਆ ਜਾ ਰਿਹਾ ਹੈ ਜਿਸ ਉਪਰੰਤ ਗਿੱਲੇ ਕੂੜੇ ਦੀ ਖਾਦ ਬਣਾਈ ਜਾ ਰਹੀ ਹੈ ਜਦਕਿ ਸੁੱਕੇ ਕੂੜੇ ਨੂ ਰੀਸਾਈਕਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪੇ-ਦੁਆਲੇ ਦੀ ਸਫ਼ਾਈ ਸਾਡੀ ਸਾਰਿਆਂ ਦੀ ਸਮੂਹਿਕ ਜਿੰਮੇਵਾਰੀ ਹੈ ਅਤੇ ਇਸ ਵਿੱਚ ਹਰ ਕਿਸੇ ਨੂੰ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਵਲੰਟੀਅਰਜ਼ ਅਤੇ ਨਗਰ ਕੌਂਸਲ ਦੇ ਕਰਮੀਆਂ ਨੇ ਆਪਣੇ ਚੌਗਿਰਦੇ ਨੂੰ ਸਾਫ਼ ਰੱਖਣ ਦੀ ਸਹੁੰ ਵੀ ਚੁੱਕੀ। ਇਸ ਤੋਂ ਬਾਅਦ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਅਤੇ ਨਗਰ ਕੌਂਸਲ ਦੇ ਕਰਮੀਆਂ ਵੱਲੋਂ ਸ਼ਹਿਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦਾ ਸੁਨੇਹਾ ਦਿੱਤਾ।

LEAVE A REPLY

Please enter your comment!
Please enter your name here