ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਪੁੱਜੇ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਸੁਨਾਮ ਵਿੱਚ ਬਣਨ ਵਾਲੇ ਡੇਰੇ ਦੇ ਡੱਟ ਕੇ ਵਿਰੋਧ ਕੀਤਾ ਹੈ। ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਸੁਨਾਮ ਵਿੱਚ ਕੋਈ ਡੇਰਾ ਨਹੀਂ ਬਣਨ ਦੇਣਗੇ ਕਿਉਕਿ ਡੇਰਾ ਮੁਖੀ ਰਾਮ ਰਹੀਮ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ, ਜਿਸਦੇ ਕਾਰਣ ਉਹ ਕਿਸੇ ਵੀ ਹਾਲਤ ਵਿੱਚ ਡੇਰਾ ਨਹੀਂ ਬਣਨ ਦੇਣਗੇ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਿਰ ਉਨ੍ਹਾਂ ਨੂੰ ਗਰਮ ਖਿਆਲੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਡੇਰਾ ਮੁਖੀ ਨੂੰ ਸੁਰੱਖਿਆ ਦੇ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੁਨਾਮ ‘ਚ ਬਣਨ ਜਾ ਰਹੇ ਡੇਰੇ ਨੂੰ ਨਾ ਰੋਕਿਆ ਤਾਂ ਉਹ ਰੋਕਣਗੇ। ਦੱਸ ਦਈਏ ਕਿ 40 ਦਿਨਾਂ ਦੀ ਪੈਰੋਲ ਉਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਨੇ ਬੀਤੇ ਦਿਨੀਂ ਆਨਲਾਈਨ ਪ੍ਰੋਗਰਾਮ ਵਿੱਚ ਐਲਾਨ ਕੀਤਾ ਸੀ ਉਹ ਸੁਨਾਮ ਵਿੱਚ ਨਵਾਂ ਡੇਰਾ ਖੋਲਣਗੇ, ਜਿਸਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।