ਵਿਦਿਆਰਥੀ ਜੀਵਨ ਦਾ ਟੀਚਾ ਮਿੱਥ ਕੇ ਉਸ ਨੂੰ ਪੂਰਾ ਕਰਨ ਲਈ ਮਿਹਨਤ ਕਰਨ: ਸਾਕਸ਼ੀ ਸਾਹਨੀ


ਪਟਿਆਲਾ, 15 ਨਵੰਬਰ: ਦੇਸ਼ ਦੇ ਪ੍ਰਸਿੱਧ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ ਜਨਮ ਵਰ੍ਹੇਗੰਢ ਨੂੰ ਮਨਾਉਂਦੇ ਹੋਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮਹਿਲਾ ਸਸ਼ਕਤੀਕਰਨ ਲਈ ਨਾਟਕ ਖੇਡਿਆਂ ਗਿਆ ਤੇ ਯੋਗਾ ਕਰਵਾਇਆ ਗਿਆ। ਰੈਲੀ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਸੱਦਾ ਦਿੱਤਾ ਕਿ ਉਹ ਵੱਡੇ ਸੁਪਨੇ ਦੇਖਣ, ਜਿਨ੍ਹਾਂ ਨੂੰ ਪੂਰੇ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਪੂਰਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥਣ ਕਿਸੇ ਮੁਸ਼ਕਲ ਜਾਂ ਕਿਸੇ ਤਰ੍ਹਾਂ ਦੀ ਅਗਵਾਈ ਲੈਣ ਲਈ ਉਨ੍ਹਾਂ ਨੂੰ ਕਦੇ ਵੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਟੀਚਾ ਮਿੱਥ ਕੇ ਉਸ ਨੂੰ ਪੂਰਾ ਕਰਨ ਲਈ ਮਿਹਨਤ ਕਰਨ।

Advertisements


ਸਾਕਸ਼ੀ ਸਾਹਨੀ ਨੇ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੇ ਜੀਵਨ ਉਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਵਿਧਵਾ ਵਿਆਹ ਨੂੰ ਉਤਸ਼ਾਹਿਤ ਕਰਨ ਅਤੇ ਬਾਲ ਵਿਆਹ ਪ੍ਰਥਾ ਰੋਕਣ ਲਈ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਅਤੇ ਇਨ੍ਹਾਂ ਮਹਾਨ ਸਮਾਜ ਸੁਧਾਰਾਂ ਸਦਕਾ ਅਜੋਕੇ ਸਮਾਜ ਵਿਚ ਮਹਿਲਾਵਾਂ ਦੁਨੀਆ ਦੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰਕੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਰਾਜਾ ਰਾਮ ਮੋਹਨ ਰਾਏ ਦੇ ਕੀਤੇ ਗਏ ਯਤਨ ਬੇਮਿਸਾਲ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਦੱਸਿਆ ਕਿ ਜਾਗਰੂਕਤਾ ਰੈਲੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ, ਵਿਕਟੋਰੀਆ ਤੇ ਘਾਸ ਮੰਡੀ ਸਕੂਲ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਸਕਿੱਟ, ਯੋਗਾ, ਗੀਤ ਸੰਗੀਤ ਦੀ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ।


ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਦਾ ਮੈਗਜ਼ੀਨ ‘ਪਰਵਾਜ਼’ ਵੀ ਰਿਲੀਜ਼ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਸਮਾਗਮ ਵਿੱਚ ਪੁੱਜੀਆਂ ਨੂੰ ਜੀ ਆਇਆ ਆਖਿਆ। ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ, ਮਲਵਿੰਦਰ ਕੌਰ, ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ, ਅੰਗਰੇਜ਼ ਸਿੰਘ, ਅਜੈ ਕੁਮਾਰ, ਦਲਜੀਤ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here