ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਮੁਕੇਰੀਆਂ ਵਿਖੇ ਲਗਾਇਆ ਜਾਮ, ਸਰਕਾਰ ਦੇ ਖਿਲਾਫ ਜਾਹਿਰ ਕੀਤਾ ਰੋਸ਼

ਮੁਕੇਰੀਆਂ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਕੇ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ ਅਤੇ ਸ਼ਹੀਦ ਕਿਸਾਨਾਂ ਦੇ ਪਾਰਿਵਾਰਿਕ ਮੈਂਬਰਾ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ, ਜੁਮਲਾ ਮਾਲਕਾਨ ਜਮੀਨ ਦੇ ਮਾਲਕ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕੀ ਹੱਕ ਦਬਾਉਣ ਲਈ, ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇਂ, ਚਾਈਨਾ ਵਾਇਰਸ ਨਾਲ ਨੁਕਸਾਨੇ ਅਤੇ ਬਰਸਾਤ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ, ਕਿਸਾਨਾਂ ਉੱਪਰ ਪਰਾਲੀ ਦੇ ਕੀਤੇ ਪਰਚੇ ਤੇ ਫਰਦ ਵਿੱਚ ਰੈਡ ਐਟਰੀਆਂ ਰੱਦ ਕਰਵਾਉਣ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਵੀ.ਸੀ ਉੱਪਰ ਕਾਰਵਾਈ ਕਰਵਾਉਣ ਲਈ, 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ, ਅੰਮ੍ਰਿਤਸਰ ਵਿਖੇ ਤਾਇਨਾਤ ਜ਼ਮੀਨਾਂ ਦਾ ਮੁਆਵਜ਼ਾ ਵੰਡਣ ਵਿਚ ਘਪਲੇਬਾਜ਼ੀ ਕਰਨ ਵਾਲੇ ਦੋਸ਼ੀ ਐਸਡੀਐਮ ਉੱਪਰ ਕਾਰਵਾਈ ਕਰਵਾਉਣ, 2 ਕਨਾਲਾਂ ਅਤੇ ਛੋਟੀਆਂ ਰਜਿਸਟਰੀਆਂ ਤੋਂ ਐਨਓਸੀ ਦੀ ਸ਼ਰਤ ਹਟਾਉਣ ਅਤੇ ਪਿਛਲੀਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਪੰਜਾਬ ਵਿੱਚ 6 ਜਗਾ ਦਿਤੇ ਜਾ ਰਹੇ ਧਰਨਿਆ ਦੇ ਸੱਦੇ ਅਧੀਨ ਅੱਜ ਮੁਕੇਰੀਆਂ ਵਿਖੇ ਚੱਕਾ ਜਾਮ ਕੀਤਾ ਗਿਆ।

Advertisements

ਕਿਸਾਨ ਆਗੂਆ ਨੇ ਕਿਹਾ ਕਿ ਕਈ ਜਗਾ ਸ਼ਾਂਤਮਈ ਧਰਨੇ ਚਲਦਿਆਂ ਨੂੰ ਮਹੀਨੇ ਬੀਤ ਗਏ ਹਨ, ਪ੍ਰੰਤੂ ਸਰਕਾਰ ਦੇ ਕੰਨਾਂ ਤੱਕ ਅਵਾਜ ਨਹੀਂ ਪਹੁੰਚੀ ਇਸ ਲਈ ਸੜਕਾਂ ਉੱਪਰ ਆਕੇ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ ਅਤੇ ਜੇਕਰ ਸਰਕਾਰ ਕਿਸਾਨਾਂ,ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਪ੍ਰਤੀ ਸੁਹਿਰਦ ਹੁੰਦੀ ਅਤੇ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਲੋਕ ਹਿਤੂ ਹੋਣ ਦਾ ਸਬੂਤ ਦਿੰਦੀ।

ਸਿਤਮ ਦੀ ਗੱਲ ਹੈ ਕਿ 5 ਨਵੰਬਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਚਾਲੂ ਕਰਨ ਦਾ ਵਾਅਦਾ ਕਰਕੇ ਅਜੇ ਤਕ ਪੰਜਾਬ ਸਰਕਾਰ ਗੰਨਾ ਮਿੱਲਾਂ ਨੂੰ ਚਾਲੂ ਕਰਨ ਲਈ ਸੁਹਿਰਦ ਨਹੀਂ ਹੈ ਇਸ ਲਈ ਗੰਨਾ ਉਤਪਾਦਕ ਅਤੇ ਪੰਜਾਬ ਦੇ ਸਾਰੇ ਕਿਸਾਨ ਹੋਰਨਾਂ ਮਸਲਿਆਂ ਦੇ ਨਾਲ ਨਾਲ ਗੰਨਾ ਮਿੱਲਾਂ ਨੂੰ ਚਾਲੂ ਕਰਨ ਵਾਸਤੇ ਅੱਜ ਅਣਮਿੱਥੇ ਸਮੇਂ ਲਈ ਸੜਕਾਂ ਤੇ ਬੈਠ ਗਏ ਹਨ। ਆਗੂਆਂ ਦੇ ਧਿਆਨ ਵਿੱਚ ਆਇਆਂ ਹੈ ਕਿ ਇਸ ਸਮੇਂ ਤੱਕ ਕੋਆਪ੍ਰੇਟਿਵ ਸੁਸਾਇਟੀਆ ਵਿੱਚ ਜੋ ਡੀ.ਏ.ਪੀ ਖਾਦ ਆਇਆਂ ਹੈ ਉਹ ਵੀ 40 ਤੋਂ 45 ਪ੍ਰਤੀਸ਼ਤ ਹੀ ਹੈ। ਕਈ ਇਸ ਤਰ੍ਹਾਂ ਦੀਆਂ ਸੁਸਾਇਟੀਆ ਵੀ ਹਨ ਜਿੱਥੇ 40 ਪ੍ਰਤੀਸ਼ਤ ਵੀ ਖਾਦ ਨਹੀ ਆਈ ਉਦਾਹਰਣ ਦੇ ਤੌਰ ਤੇ ਜਿਸ ਕੋਆਪ੍ਰੇਟਿਵ ਸੁਸਾਇਟੀਆ ਨੂੰ 3000 ਥੈਲਾ ਚਾਹੀਦਾ ਸੀ ਉਸ ਨੂੰ 600 ਥੈਲਾ ਦਿੱਤਾ ਗਿਆ ਹੈ ਅਤੇ ਡੀ.ਏ.ਪੀ ਮੁਹੱਈਆ ਕਰਵਾਉਣ ਵਾਲੀਆ ਸਰਕਾਰੀ ਏਜੰਸੀਆਂ ਵੱਲੋਂ ਵੀ ਪੱਖਪਾਤ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰ ਨੂੰ ਪੁੱਛਿਆ ਕਿ ਕਿਸਾਨਾਂ ਦੀਆ 3000 ਥੈਲੇ ਦੀ ਮੰਗ ਵਾਲੀਆਂ ਸੁਸਾਇਟੀਆਂ ਇਹ 600 ਥੈਲਾ ਕਿਸ ਤਰ੍ਹਾਂ ਕਿਸਾਨਾਂ ਵਿੱਚ ਵੰਡਣ।

ਉਹਨਾਂ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀਆ ਪ੍ਰਤੀ ਸਰਕਾਰ ਦੀ ਇਸ ਬੇਰੁਖੀ ਕਾਰਨ ਹੀ ਕਿਸਾਨਾਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਡੀਲਰਾਂ ਤੋਂ ਡੀਏਪੀ ਲੈਣਾ ਪੈ ਰਿਹਾ ਹੈ ਜਿੱਥੇ ਉਹਨਾਂ ਦੀ ਡੀ ਏ ਪੀ ਨਾਲ ਹੋਰ ਵਾਧੂ ਸਮਾਨ ਦੇ ਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬਲਦੇਵ ਸਿੰਘ ਸਿਰਸਾ ਪ੍ਰਧਾਨ ਬੀਕੇਯੂ ਸਿਰਸਾ, ਸੁਖਪਾਲ ਸਿੰਘ ਡੱਫਰ ਪ੍ਰਧਾਨ ਗੰਨਾ ਸੰਘਰਸ਼ ਕਮੇਟੀ, ਅਮਰਜੀਤ ਸਿੰਘ ਰੜਾ ਪ੍ਰਧਾਨ ਬੀਕੇਯੂ ਅਜਾਦ, ਸਤਨਾਮ ਸਿੰਘ ਜਫਰਵਾਲ, ਸਹਿ ਪ੍ਰਧਾਨ ਬੀਕੇਯੂ ਮਾਝਾ, ਗੁਰਿੰਦਰ ਸਿੰਘ ਭੰਗੂ ਜਨਰਲ ਸਕੱਤਰ ਬੀਕੇਯੂ ਖੋਸਾ, ਸ਼ਮਸ਼ੇਰ ਸਿੰਘ ਅਠਵਾਲ ਕਿਸਾਨ ਯੂਥ ਵਿੰਗ ਪੰਜਾਬ ਸਮੇਤ ਬਹੁਤ ਸਾਰੇ ਕਿਸਾਨ ਆਗੂ ਅਤੇ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here