ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟੀਮਾਂ ਦਾ ਗਠਨ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਪੱਧਰ ਉਪਰ 6 ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਪੌਦਾ ਸੁਰੱਖਿਆ) ਵੱਲੋਂ ਵੱਖ-ਵੱਖ ਪਿੰਡਾਂ ਦਾ ਸਰਵੇ ਕੀਤਾ ਜਾਵੇਗਾ ਅਤੇ ਕਣਕ ਉਪਰ ਸੁੰਡੀ ਦੇ ਹਮਲੇ ਅਤੇ ਗੁੱਲੀ ਡੰਡੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Advertisements

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਦੱਸਿਆ ਕਿ ਬਲਾਕ ਰਾਜਪੁਰਾ ਅਤੇ ਬਲਾਕ ਪਟਿਆਲਾ ਅਧੀਨ ਪੈਂਦੇ ਪਿੰਡ ਉੜਦਣ, ਰਾਏਪੁਰ ਮੰਡਲਾਂ, ਮੁਰਾਦਪੁਰ ਵਿਖੇ ਅਗੇਤੀ ਕਣਕ ਉਪਰ ਗੁਲਾਬੀ ਸੁੰਡੀ ਦਾ ਹਮਲਾ ਕੁਝ ਰਕਬੇ ਵਿਚ ਦੇਖਣ ਨੂੰ ਮਿਲਿਆ ਹੈ ਜਿਸ ਲਈ ਕਿਸਾਨ ਰੀਜੈਂਟ/ਮੌਰਟਲ 7 ਕਿਲੋ ਜਾਂ 1 ਲੀਟਰ ਡਰਸਵਾਨ 20 ਈ.ਸੀ. 20 ਕਿਲੋ ਮਿੱਟੀ ਵਿਚ ਮਿਲਾਕੇ ਪਹਿਲੇ ਪਾਣੀ ਤੋਂ ਪਹਿਲਾਂ ਛਿੱਟਾ ਦੇ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਕਿਸਾਨ ਕੋਰਾਜਨ 18.5 ਐਸ.ਸੀ. 50 ਮਿ: ਲਿ: ਨੂੰ 80-100 ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਵੀ ਕਰ ਸਕਦੇ ਹਨ। ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨ ਟੌਪਿਕ 15 ਡਬਲਿਊ ਪੀ 160 ਗ੍ਰਾਮ ਜਾਂ ਲੀਡਰ 75 ਡਬਲਿਊ ਜੀ 13 ਗ੍ਰਾਮ ਜਾਂ ਐਕਸੀਐਲ 5 ਈ.ਸੀ 400 ਮਿ.ਲਿ: ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ। ਜੇਕਰ ਗੁੱਲੀ ਡੰਡੇ ਦੇ ਨਾਲ ਜੰਗਲੀ ਜਵੀ ਅਤੇ ਬੂੰਈਂ ਦੀ ਵੀ ਸਮੱਸਿਆਵਾਂ ਹੋਵੇ ਤਾਂ ਐਟਲਾਂਟਿਸ 3.6 ਡਬਲਿਊ ਜੀ 160 ਗ੍ਰਾਮ ਜਾਂ ਏ.ਸੀ.ਐਮ-9 240 ਗ੍ਰਾਮ ਜਾਂ ਸ਼ਗੁਨ 21-11 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ। ਜੇਕਰ ਖੇਤ ਵਿਚ ਘਾਹ ਵਾਲੇ ਨਦੀਨਾਂ ਦੇ ਨਾਲ ਨਾਲ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਟੋਟਲ/ਮਾਰਕਪਾਵਰ 75 ਡਬਲਿਊ ਜੀ 16 ਗ੍ਰਾਮ ਜਾਂ ਐਟਲਾਂਟਿਸ 3.6 ਡਬਲਿਊ ਜੀ ਜਾਂ ਏ.ਸੀ.ਐਮ-9 ਜਾਂ ਸ਼ਗੁਨ 21-11 ਦਾ ਸਪਰੇਅ ਕਰਨ। ਇਕੱਲੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆ ਲਈ 2,4 -ਡੀ 80 ਡਬਲਿਊ ਪੀ 250 ਗ੍ਰਾਮ  ਜਾਂ 2,4-ਡੀ 38 ਈ.ਸੀ. 250 ਮਿ:ਲਿ: ਜਾਂ ਐਲਗਰਿਪ 20 ਡਬਲਿਊ ਪੀ 10 ਗ੍ਰਾਮ ਜਾਂ ਲਾਂਫਿਡਾ 50 ਡੀ ਐਫ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨ। ਉਹਨਾਂ ਨੇ ਦੱਸਿਆ ਕਿ ਨਦੀਨ ਨਾਸ਼ਕਾਂ ਦੇ ਸਪਰੇਅ ਲਈ ਸਹੀ ਮਾਤਰਾ ਵਿਚ ਪਾਣੀ ਦੀ ਵਰਤੋਂ ਅਤੇ ਕੱਟ ਵਾਲੀ ਨੋਜਲ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਗੰਨ ਸਪਰੇਅਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

LEAVE A REPLY

Please enter your comment!
Please enter your name here