ਪਰਿਵਾਰ ਨਿਯੋਜਨ ਪੁਰਸ਼ਾਂ ਦੀ ਵੀ ਜ਼ਿੰਮੇਵਾਰੀ: ਸਿਵਲ ਸਰਜਨ

ਫਿਰੋਜ਼ਪੁਰ,(ਦ ਸਟੈਲਰ ਨਿਊਜ਼): ਕਿਸੇ ਵੀ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਵੀ ਪਰਿਵਾਰਕ ਵਿਉਂਤਬੰਦੀ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ, ਪਰੰਤੂ ਬਹੁਤ ਸਾਰੇ ਪਰਿਵਾਰਾਂ ਵੱਲੋਂ ਪਰਿਵਾਰਕ ਵਿਉਂਤਬੰਦੀ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ ਵਿਸ਼ੇਸ਼ ਕਰਕੇ ਸਾਡੇ ਸਮਾਜ ਅੰਦਰ ਵਧੇਰੇ ਕਰਕੇ ਪੁਰਸ਼ਾਂ ਵੱਲੋਂ ਇਸ ਵਿਸ਼ੇ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾਂਦੀ। ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣਾ ਕੇਵਲ ਔਰਤਾਂ ਦੀ ਹੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ ਜਦਕਿ ਪੁਰਸ਼ਾਂ ਦੀ ਵੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਨਸਬੰਦੀ ਪੰਦਰਵਾੜੇ ਮੌਕੇ ਸਿਹਤ ਵਿਭਾਗ ਦੇ ਅਮਲੇ ਨਾਲ ਮੀਟਿੰਗ ਦੌਰਾਨ ਕੀਤਾ।

Advertisements

ਸਿਵਲ ਸਰਜਨ ਡਾ. ਰਜਿੰਦਰਪਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਮਰਦਾਂ ਲਈ ਪਰਿਵਾਰ ਨਿਯੋਜਨ ਦੇ ਅਸਥਾਈ ਅਤੇ ਸਥਾਈ ਸਾਧਨ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਿਤੀ 21 ਨਵੰਬਰ ਤੋਂ 04 ਦਸੰਬਰ 2022 ਤੱਕ ਚਲਾਏ ਜਾਣ ਵਾਲੇ ਨਸਬੰਦੀ ਪੰਦਰਵਾੜੇ ਦੌਰਾਨ ਪੁਰਸ਼ਾਂ ਲਈ ਸੁਲਭ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਜਾਗਰੂਕਤਾ ਪੈਦਾ ਕਰਕੇ ਯੋਗ ਜੋੜਿਆ ਨੂੰ ਇਹ ਸਾਧਨ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਅਧੀਨ ਖੇਤਰ ਵਿੱਚ ਵੱਧ ਤੋਂ ਵੱਧ ਪੁਰਸ਼ਾਂ ਨੂੰ ਸੰਤਾਨ ਸੰਜਮ ਦੇ ਸਾਧਨ ਅਪਨਾਉਣ ਲਈ ਪ੍ਰੇਰਿਤ ਕਰਨ ਬਾਰੇ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਪੁਰਸ਼ਾਂ ਲਈ ਪਰਿਵਾਰ ਨਿਯੋਜਨ ਦਾ ਸਥਾਈ ਸਾਧਨ ਨਸਬੰਦੀ ਇੱਕ ਬਹੁਤ ਹੀ ਸਰਲ ਆਪ੍ਰੇਸ਼ਨ ਹੈ ਜੋ ਚੀਰਾ ਅਤੇ ਟਾਂਕਾ ਰਹਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਸਬੰਦੀ ਅਪਣਾਉਣ ਵਾਲੇ ਪੁਰਸ਼ਾਂ ਨੂੰ 1100 ਰੁਪੱਏ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਾਂਦੀ ਹੈ ਅਤੇ ਇਸ ਆਪ੍ਰੇਸ਼ਨ ਨਾਲ ਪੁਰਸ਼ਾਂ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ। ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਕੀਰਤ ਸਿੰਘ, ਜ਼ੈਡ.ਐਲ.ਏ. ਦਿਨੇਸ਼ ਗੁਪਤਾ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ, ਮਾਸ ਮੀਡੀਆ ਅਫਸਰ ਰੰਜੀਵ, ਪ੍ਰਭਾਰੀ ਸੁਪਰਡੰਟ ਪਰਮਵੀਰ ਮੋਂਗਾ, ਵਿਕਾਸ ਕਾਲੜਾ, ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here