ਡਿਪਟੀ ਕਮਿਸ਼ਨਰ ਵੱਲੋਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ, ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ਵੇਸ਼ ਸਾਰੰਗਲ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਫਗਵਾੜਾ ਅਤੇ ਆਰ.ਸੀ.ਐਫ ਦੇ ਖੇਤਰਾਂ ਵਿੱਚ ਹੋਮ ਡਿਲਿਵਰੀ ਦੇ ਮਾਮਲਿਆਂ ਨੂੰ ਘਟਾਉਣ ਲਈ ਨਿਗਰਾਨੀ ਵਧਾਉਣ ਲਈ ਕਿਹਾ ਹੈ। ਅੱਜ ਇੱਥੇ ਸਿਹਤ ਵਿਭਾਗ ਦੀ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀਸੀ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਮਜ਼ੋਰ ਵਰਗ ਦੀ ਆਬਾਦੀ ਨੂੰ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਸਮੇਂ ਮੁਹੱਈਆ ਕਰਵਾਈ ਜਾ ਰਹੀਆਂ ਜੱਚਾ ਬੱਚਾ ਦੀਆਂ ਮੁਫ਼ਤ ਸਿਹਤ ਸਹੂਲਤਾਂ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ।

Advertisements

ਉਨ੍ਹਾਂ ਸਿਵਲ ਸਰਜਨ ਡਾ.ਗੁਰਿੰਦਰਬੀਰ ਕੌਰ ਨੂੰ ਕਿਹਾ ਕਿ ਉਹ ਪਾਂਛਟਾ, ਭੁਲੱਥ ਅਤੇ ਢਿਲਵਾਂ ਦੇ ਸਬ ਡਵੀਜ਼ਨਲ ਹਸਪਤਾਲਾਂ ਅਧੀਨ ਆਉਂਦੇ ਖੇਤਰਾਂ ਵਿੱਚ ਨਵ-ਜੰਮੇ ਬੱਚੇ ਦਾ “ਹੈੱਡ ਕਾਊਂਟ” ਸਰਵੇਖਣ ਕਰਨ ਤੋਂ ਇਲਾਵਾ ਇਸ ਸਬੰਧੀ ਮੁਕੰਮਲ ਰਿਪੋਰਟ ਅਗਲੇ 15 ਦਿਨਾਂ ਵਿੱਚ ਸੌਂਪਣ। ਸ੍ਰੀ ਸਾਰੰਗਲ ਨੇ ਸਾਰੇ ਐਸ.ਐਮ.ਓਜ਼ ਨੂੰ ਕਿਹਾ ਕਿ ਉਹ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਵੱਲ ਵਧੇਰੇ ਧਿਆਨ ਦੇਣ ਖਾਸ ਕਰਕੇ ਬੀ.ਸੀ.ਜੀ., ਐਮ.ਆਰ (ਖਸਰਾ ਅਤੇ ਰੁਬੈਲਾ) ਦੇ ਟੀਕੇ ਲਗਾਉਣ ਨੂੰ ਯਕੀਨੀ ਬਣਾਉਣ। ਇਸ ਦੌਰਾਨ ਡੀਸੀ ਨੇ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਟੀਬੀ, ਭੋਜਨ ਵਿੱਚ ਮਿਲਾਵਟ ਆਦਿ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ।

ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਸਾਰੇ 10 ਬਲਾਕਾਂ ਦਾ ਦੌਰਾ ਕਰਨ ਅਤੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਮੈਡੀਕਲ ਸਟੋਰਾਂ ਨਾਲ ਮੀਟਿੰਗਾਂ ਕਰਨ ਲਈ ਕਿਹਾ ਹੈ ਤਾਂ ਜੋ ਕੇਸਾਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਸਬੰਧਤ ਸਿਵਲ ਹਸਪਤਾਲਾਂ ਵਿੱਚ ਭੇਜਿਆ ਜਾ ਸਕੇ। ਬੇਗੋਵਾਲ ਵਿਖੇ ਐਨ.ਆਰ.ਆਈਜ਼ ਦੇ ਬੰਦ ਪਏ ਘਰਾਂ ਵਿੱਚ ਡੇਂਗੂ ਦੇ ਲਾਰਵੇ ਦਾ ਗੰਭੀਰ ਨੋਟਿਸ ਲੈਂਦਿਆਂ ਡੀਸੀ ਨੇ   ਸਿਹਤ ਵਿਭਾਗ,ਨਗਰ ਪੰਚਾਇਤ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਇਨ੍ਹਾਂ ਸਾਰੇ ਘਰਾਂ ਵਿੱਚ ਲਾਰਵੇ ਦੇ ਪੈਦਾ ਹੋਣ ਦੀ ਜਾਂਚ ਕਰਨ ਲਈ ਕਿਹਾ। ਅਧਿਕਾਰੀਆਂ ਨੂੰ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਖਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਤੋਂ ਇਲਾਵਾ ਚਲਾਨ ਕੱਟਣ ਲਈ ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ‘ਤੇ ਆਧਾਰਿਤ ਵਿਸ਼ੇਸ਼ ਟੀਮਾਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਿੰਡ ਸੁਜੋਕਾਲੀਆ ਅਤੇ ਭੰਡਾਲ ਬੇਟ ਵਿਖੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਅਤੇ ਇਸ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਵੀ ਪੇਸ਼ ਕੀਤੀ ਗਈ। ਇਹ ਦਰਸਾਉਂਦਾ ਹੈ ਕਿ 98% ਆਬਾਦੀ ਕੋਵਿਡ ਟੀਕਾਕਰਣ ਦੀ ਪਹਿਲੀ ਖੁਰਾਕ ਦੇ ਅਧੀਨ ਕਵਰ ਕੀਤੀ ਗਈ ਹੈ, ਇਸਦੇ ਬਾਅਦ ਦੂਜੀ ਖੁਰਾਕ ਨਾਲ 89% ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਤੰਬਾਕੂ ਕੰਟਰੋਲ ਅਤੇ ਡਰਗ ਡੀ-ਅਡਿਕਸ਼ਨ ਪ੍ਰੋਗਰਾਮ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਮੀਟਿੰਗ ਵਿੱਚ ਆਏ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਵਿਭਾਗ ਆਮ ਜਨਤਾ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। 

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਏ.ਡੀ.ਸੀ ਫਗਵਾੜਾ ਡਾ. ਨਯਨ ਜੱਸਲ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਸਿਵਲ ਸਰਜਨ ਡਾ. ਗੁਰਬਿੰਦਰਬੀਰ ਕੌਰ, ਡੀ.ਪੀ.ਆਰ.ਓ ਸੁਬੇਗ ਸਿੰਘ, ਏਸੀਐਸ ਡਾ. ਅੰਨੂ ਸ਼ਰਮਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਡੀਐਚੳ ਡਾ. ਕੁਲਜੀਤ ਸਿੰਘ, ਡਾ. ਨੰਦਿਕਾ ਖੁੱਲਰ ਅਤੇ ਜ਼ਿਲ੍ਹਾ ਟਾਸਕ ਫੋਰਸ ਦੇ ਹੋਰ ਮੈਂਬਰ, ਸਮੂਹ ਐਸ.ਐਮ.ਓਜ਼ ਹਾਜ਼ਰ ਸਨ। ਕਪੂਰਥਲਾ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਜੀ ਵੱਲੋਂ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਡੇਂਗੂ, ਤੰਬਾਕੂ ਕੰਟਰੋਲ, ਡਰਗ ਡੀ-ਅਡਿਕਸ਼ਨ, ਰੂਟੀਨ ਟੀਕਾਕਰਨ, ਐਮਸੀਐਚ, ਯੂਡੀਆਈਡੀ, ਜੱਚਾ ਬੱਚਾ ਸਿਹਤ ਸਹੂਲਤਾਂ, ਹੋਮ ਡਿਲਿਵਰੀ ਅਤੇ ਸਰਕਾਰ ਵਲੋਂ ਲੋਕਾਂ ਨੂੰ ਮਹੁੱਈਆ ਕਰਵਾਇਆ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮੁਸਕਲਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here