ਬਲਾਕ ਮਮਦੋਟ ਵਿਖੇ ਗ੍ਰਾਮ ਸਭਾ ਇਜਲਾਸ ਸਬੰਧੀ ਸਰਪੰਚਾਂ ਨੂੰ ਦਿੱਤੀ ਗਈ ਟ੍ਰੇਨਿੰਗ  

ਮਮਦੋਟ (ਫਿਰੋਜ਼ਪੁਰ), (ਦ ਸਟੈਲਰ ਨਿਊਜ਼)। ਫ਼ਿਰੋਜ਼ਪੁਰ ਦੇ ਬਲਾਕ ਮਮਦੋਟ ਵਿਖੇ ਸਰਪੰਚਾਂ ਅਤੇ ਸਟਾਫ਼ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਚਾਇਤ ਵੱਲੋਂ ਹਾੜ੍ਹੀ ਤੇ ਸਾਉਣੀ ਦਾ ਗ੍ਰਾਮ ਸਭਾ ਇਜਲਾਸ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 5(1) ਦੇ ਤਹਿਤ ਕਰਵਾਉਣ ਸਬੰਧੀ ਟ੍ਰੇਨਿੰਗ ਵੀ ਦਿੱਤੀ ਗਈ। ਇਹ ਜਾਣਕਾਰੀ ਜਸਵੰਤ ਸਿੰਘ ਬੜੈਚ ਬੀ.ਡੀ.ਪੀ.ਓ. ਮਮਦੋਟ ਨੇ ਦਿੱਤੀ।

Advertisements

ਇਸ ਮੌਕੇ ਜਸਵੰਤ ਸਿੰਘ ਬੜੈਚ ਨੇ ਦੱਸਿਆ ਕਿ ਹਾੜ੍ਹੀ ਦਾ ਗ੍ਰਾਮ ਸਭਾ ਇਜਲਾਸ ਇੱਕ ਜੂਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਉਣੀ ਦਾ ਗ੍ਰਾਮ ਸਭਾ ਇਜਲਾਸ ਇੱਕ ਦਸੰਬਰ ਤੋਂ ਸ਼ੁਰੂ ਹੁੰਦਾ ਹੈ ਜਿਸ ਵਿੱਚ ਪਿੰਡ ਦੇ ਹਰ ਇੱਕ ਵੋਟਰ ਦਾ ਸ਼ਾਮਲ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਪਿੰਡ ਵਿੱਚ ਹੋਏ ਕੰਮਾਂ ਦਾ ਲੇਖਾ ਜੋਖਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਕੰਮ ਕਰਵਾਉਣੇ ਹੋਣ ਤਾਂ ਉਨ੍ਹਾਂ ਕੰਮਾਂ ਦਾ ਜੀ.ਪੀ.ਡੀ.ਪੀ. ਰਾਹੀਂ ਸਾਰਾ ਪਲਾਨ ਤਿਆਰ ਕੀਤਾ ਜਾਵੇ ਅਤੇ ਪਿੰਡਾਂ ਨਾਲ ਸਬੰਧਿਤ ਸਾਰੇ ਹੀ ਵਿਭਾਗਾਂ ਨੂੰ ਸ਼ਾਮਲ ਕੀਤਾ ਜਾਵੇ ਜਿਸ ਵਿੱਚ ਪਿੰਡ ਦੇ ਹਰ ਇੱਕ ਵੋਟਰ ਨੂੰ ਪਤਾ ਹੋਵੇ ਕਿ ਪਿੰਡ ਵਿੱਚ ਕਿਹੜੇ ਕੰਮ ਹੋ ਗਏ ਹਨ ਤੇ ਕਿਹੜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਹੋਣ ਜਿਸ ਵਿੱਚ ਕਿਸੇ ਦਾ ਨਿੱਜੀ ਸਵਾਰਥ ਨਾ ਹੋਵੇ।

ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੀ ਸੋਚ ਹੈ ਕਿ ਪਿੰਡ ਦੇ ਹਰ ਇੱਕ ਵੋਟਰ ਨੂੰ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਮੰਤਵ ਲਈ ਅੱਜ ਬਰੀਕੀ ਨਾਲ ਸਾਰੇ ਸਰਪੰਚ ਸਾਹਿਬਾਨਾਂ ਤੇ ਸਟਾਫ਼ ਨੂੰ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਵੱਲੋਂ ਦਿੱਤੇ ਗਏ 9 ਨੁਕਤਿਆਂ ਬਾਰੇ ਵੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਸਰਪੰਚਾਂ ਨੇ ਸਰਕਾਰ ਵੱਲੋਂ ਦਿੱਤੀ ਗਈ ਟ੍ਰੇਨਿੰਗ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਗ੍ਰਾਮ ਸਭਾ ਨੂੰ ਸਫਲ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।

LEAVE A REPLY

Please enter your comment!
Please enter your name here