ਬਾਰਾਂਦਰੀ ਬਾਗ ਵਿਖੇ ਅਮਰੂਦ ਫ਼ੈਸਟੀਵਲ ਤੇ ਫਲਾਵਰ ਸ਼ੋਅ ਹੁਣ 16 ਤੇ 17 ਦਸੰਬਰ ਨੂੰ

ਪਟਿਆਲਾ (ਦ ਸਟੈਲਰ ਨਿਊਜ਼): ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਅਮਰੂਦ ਫ਼ੈਸਟੀਵਲ ਅਤੇ ਗੁਲਦਾਊਦੀ ਫੁੱਲਾਂ ਦਾ ਸ਼ੋਅ ਹੁਣ 16 ਤੇ 17 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦੋ ਦਿਨ ਚੱਲਣ ਵਾਲੇ ਇਸ ਅਮਰੂਦ ਫ਼ੈਸਟੀਵਲ ਤੇ ਫਲਾਵਰ ਸ਼ੋਅ ਦਾ ਇੱਕ ਦਿਨ ਛੁੱਟੀ ਵਾਲਾ ਰੱਖਿਆ ਗਿਆ ਹੈ, ਤਾਂ ਜੋ ਵੱਡੀ ਗਿਣਤੀ ਲੋਕ ਇਸ ਦਾ ਹਿੱਸਾ ਬਣ ਸਕਣ। ਜਿਸ ਦੇ ਚਲਦਿਆਂ ਦਿਨਾਂ ਵਿਚ ਤਬਦੀਲੀ ਕਰਦਿਆਂ ਹੁਣ ਇਹ ਫ਼ੈਸਟੀਵਲ 16 ਦਸੰਬਰ (ਸ਼ੁੱਕਰਵਾਰ) ਤੇ 17 ਦਸੰਬਰ (ਸ਼ਨੀਵਾਰ) ਨੂੰ ਕਰਵਾਇਆ ਜਾਵੇਗਾ।

Advertisements

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਅਮਰੂਦ ਲਈ ਚੁਣਿਆ ਹੋਇਆ ਹੈ ਤੇ ਇਸ ਲਈ ਜ਼ਿਲ੍ਹੇ ਵਿੱਚ ਅਮਰੂਦ ਦੇ ਉਤਪਾਦਨ ਅਤੇ ਇਸ ਤੋਂ ਬਣਨ ਵਾਲੇ ਪਦਾਰਥਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ ਉਤੇ ਉਤਸ਼ਾਹਿਤ ਕਰਨ ਲਈ ਅਮਰੂਦ ਫ਼ੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਰਾਂਦਰੀ ਬਾਗ ਵਿੱਚ ਲਗਾਏ ਜਾ ਰਹੇ ਇਸ ਮੇਲੇ ਵਿਚ ਅਮਰੂਦ ਦੇ ਵੱਖ-ਵੱਖ ਉਤਪਾਦਾਂ, ਕਾਸ਼ਤਕਾਰਾਂ, ਪ੍ਰੋਸੈਸਿੰਗ ਕੰਪਨੀਆਂ, ਘਰੇਲੂ ਫਲ ਪਦਾਰਥਾਂ ਦੀ ਪ੍ਰਦਰਸ਼ਨੀ 16 ਅਤੇ 17 ਦਸੰਬਰ ਨੂੰ ਲਗਾਈ ਜਾ ਰਹੀ ਹੈ। ਇਸ ਮੇਲੇ ਵਿੱਚ ਅਮਰੂਦ ਦੀਆਂ ਵਧੀਆਂ ਕਿਸਮਾਂ ਦੇ ਬੂਟੇ ਵੀ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਮਰੂਦ ਤੋ ਤਿਆਰ ਵੱਖ-ਵੱਖ ਪਦਾਰਥਾਂ ਜਿਵੇਂ ਕਿ ਜੈਲੀ, ਜੈਮ, ਬਰਫ਼ੀ, ਚਟਨੀ , ਕੈਂਡੀ, ਜੂਸ ਆਦਿ ਵੀ ਉਪਲਬਧ ਹੋਣਗੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਬਾਰਾਂਦਰੀ ਬਾਗ ਵਿਖੇ ਉਕਤ ਦਿਨਾਂ ਵਿੱਚ ਹੀ ਗੁਲਦਾਊਦੀ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਆਪਣੀਆਂ ਗੁਲਦਾਊਦੀ ਫੁੱਲਾਂ ਦੀਆਂ ਐਂਟਰੀ ਭੇਜੀ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਗੁਲਦਾਊਦੀ ਕੱਟ ਫਲਾਵਰ, ਫਲਾਵਰ ਅਰੈਜਮੈਂਟ, ਫਲਾਵਰ ਪੋਟਸ, ਆਰਨਾਮੈਂਟਸ ਡਿਸਪਲੇ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦਾ ਮਕਸਦ ਜਿਮੀਂਦਾਰਾਂ ਅਤੇ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਪ੍ਰਤੀ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਨੂੰ ਸੁੰਦਰ ਬਣਾਉਣਾ ਹੈ। ਉਨ੍ਹਾਂ ਆਮ ਲੋਕਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਅਮਰੂਦ ਫ਼ੈਸਟੀਵਲ ਤੇ ਗੁਲਦਾਊਦੀ ਸ਼ੋਅ ਦਾ ਹਿੱਸਾ ਬਣਨ ਦਾ ਖੁੱਲ੍ਹਾ ਸੱਦਾ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਲਦਾਊਦੀ ਸ਼ੋਅ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਬਾਗਬਾਨੀ ਦਫ਼ਤਰ ਬਾਰਾਂਦਰੀ ਬਾਗ ਤੋਂ ਫਾਰਮ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ 16 ਦਸੰਬਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਵੀ ਐਂਟਰੀ ਕਰਵਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here