ਪੰਚਾਇਤ ਸਕੱਤਰਾਂ ਦਾ ਧਰਨਾ 17ਵੇਂ ਦਿਨ ਵੀ ਜਾਰੀ, ਪੰਚਾਇਤ ਯੂਨੀਅਨ ਤਲਵਾੜਾ ਨੇ ਵੀ ਹੜਤਾਲ ਦਾ ਕੀਤਾ ਸਮਰਥਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ । ਪੰਚਾਇਤ ਸਕੱਤਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ੍ਹ ਹੜਤਾਲ 17ਵੇਂ ਦਿਨ ’ਚ ਪ੍ਰਵੇਸ਼ ਕਰ ਗਈ। ਪੰਚਾਇਤ ਯੂਨੀਅਨ ਤਲਵਾੜਾ ਨੇ ਪੰਚਾਇਤ ਸਕੱਤਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। ਇੱਥੇ ਬੀਡੀਪੀਓ ਕੰਪਲੈਕਸ ਮੁਹਰੇ ਧਰਨੇ ’ਤੇ ਬੈਠੇ ਪੰਚਾਇਤ ਸਕੱਤਰ ਦੇ ਹੱਕ ’ਚ ਬੋਲਦਿਆਂ ਪੰਚਾਇਤ ਯੂਨੀਅਨ ਬਲਾਕ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਸੂਬਾ ਸਰਕਾਰ ਤੋਂ ਹੜਤਾਲ ਕਰਮਚਾਰੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਤੁਰੰਤ ਮੰਨਣ ਦੀ ਮੰਗ ਕੀਤੀ। ਪੰਚਾਇਤ ਸਕੱਤਰਾਂ ਦੇ ਹੜਤਾਲ ‘ਤੇ ਜਾਣ ਕਾਰਨ ਪਿੰਡਾਂ ’ਚ ਵਿਕਾਸ ਕਾਰਜ ਠੱਪ ਹੋ ਗਏ ਹਨ, ਮਗਨਰੇਗਾ ਕਾਮੇ ਰੁਜ਼ਗਾਰ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜ਼ਬੂਰ ਹੋ ਗਏ ਹਨ। ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਪੈਮਾਇਸ਼, ਅਦਾਇਗਹੀਆਂ ਤੇ ਹੋਰ ਕੰਮ ਰੁਕ ਗਏ ਹਨ।

Advertisements

ਸਰਪੰਚ ਅਸ਼ਵਨੀ ਕੁਮਾਰ ਰਾਮਗਡ਼੍ਹ ਸੀਕਰੀ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਆਪ ਸਰਕਾਰ ਨੇ ਪੇਂਡੂ ਵਿਕਾਸ ਲਈ ਧੇਲਾ ਨਹੀਂ ਦਿੱਤਾ, ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਕਾਰਨ ਪਹਿਲਾਂ ਚੱਲਦੇ ਕੰਮ ਵੀ ਬੰਦ ਕਰਵਾ ਦਿੱਤੇ ਹਨ। ਪੰਚਾਇਤਾਂ ਨੇ ਆਪਣੇ ਰਸੂਖ ’ਤੇ ਲੱਖਾਂ ਰੁਪਏ ਦੇ ਕੰਮ ਮਗਨਰੇਗਾ ’ਚ ਕਰਵਾਏ, ਪਰ ਚਾਰ ਸਾਲ ਦਾ ਅਰਸਾ ਬੀਤ ਜਾਣ ਬਾਅਦ ਵੀ ਮਟੀਰੀਅਲ ਤੇ ਮਿਸਤਰੀਆਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ। ਸਰਪੰਚ ਦੀਪਕ ਠਾਕੁਰ ਨੇ ਪੰਚਾਂ ਸਰਪੰਚਾਂ ਨੂੰ ਬੰਦ ਕੀਤਾ ਮਾਣ ਭੱਤਾ ਮੁੜ੍ਹ ਬਹਾਲ ਕਰਨ, ਕੇਂਦਰ ਦੀ ਤਰਜ਼ ’ਤੇ ਰਾਜ ਵਿੱਤ ਕਮਿਸ਼ਨ ਦਾ ਗਠਨ ਕਰ ਪੰਚਾਇਤਾਂ ਨੂੰ ਬਿਨ੍ਹਾਂ ਭੇਦ ਭਾਵ ਗ੍ਰਾਂਟਾਂ ਦੇਣ, ਕੇਂਦਰ ਸਰਕਾਰ ਵੱਲੋਂ ਆਰਡੀਐਫ ’ਤੇ ਇੱਕ ਫੀਸਦੀ ਕੱਟ ਲਾਉਣ ਦੀ ਤਜਵੀਜ਼ ਰੱਦ ਕਰਨ ਦੀ ਮੰਗ ਕੀਤੀ।

ਸਰਪੰਚ ਰਜਨੀਸ਼ ਸਿੰਘ ਨੇ ਇੱਕ ਸਕੱਤਰ ਇੱਕ ਸਰਕਲ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ, ਬਲਾਕ ’ਚ ਜੇਈ ਦੀ ਅਸਾਮੀ ’ਚ ਵਾਧਾ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ। ਪੰਚਾਇਤ ਸਕੱਤਰ ਯੂਨੀਅਨ ਦੇ ਬਲਾਕ ਤਲਵਾੜਾ ਪ੍ਰਧਾਨ ਮਦਨ ਲਾਲ ਨੇ ਪੰਚਾਇਤ ਯੂਨੀਅਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ’ਤੇ ਧੰਨਵਾਦ ਕੀਤਾ। ਉੱਥੇ ਸਕੱਤਰਾਂ ਦੀ ਤਨਖ਼ਾਹ ਸਿੱਧੀ ਖ਼ਜ਼ਾਨੇ ’ਚੋਂ ਦੇਣ ਦੀ ਵਿਵਸਥਾ ਕਰਨ, ਬਾਹਰੀ ਵਿਭਾਗਾਂ ਦੇ ਕੰਮ ’ਤੇ ਰੋਕ ਲਗਾਉਣ, ਸਿਆਸੀ ਰੰਜਿਸ਼ ਤਹਿਤ ਆਡਿਟ ਦੇ ਨਾਂ ’ਤੇ ਪੰਚਾਇਤਾਂ ਅਤੇ ਸਕੱਤਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ, ਵਿਕਾਸ ਦੇ ਕੰਮਾਂ ਸ਼ੁਰੂ ਕਰਨ ਤੋਂ ਪਹਿਲਾਂ ਪੰਚਾਇਤਾਂ ਨੂੰ ਡਿਟੇਲ ਐਸਟੀਮੇਟ ਦੇਣ ਆਦਿ ਦੀ ਮੰਗ ਕੀਤੀ। ਉਕਤ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜ਼ਾਰੀ ਰੱਖਿਆ ਜਾਵੇਗਾ। ਭਲਕੇ ਮੁਹਾਲੀ ਵਿਖੇ ਕੀਤੇ ਜਾਣ ਵਾਲੇ ਸੂਬਾ ਪੱਧਰੀ ਰੋਸ ਮੁਜ਼ਾਹਰੇ ’ਚ ਬਲਾਕ ਤੋਂ ਵੱਡੀ ਗਿਣਤੀ ਸਰਪੰਚਾਂ ਤੇ ਸਕੱਤਰਾਂ ਨੇ ਸ਼ਾਮਿਲ ਹੋਣ ਦੀ ਗੱਲ ਕਹੀ।

ਇਸ ਮੌਕੇ ਵਿਸ਼ੇਸ਼ ਦੌਰ੍ਹੇ ’ਤੇ ਬੀਡੀਪੀਓ ਦਫ਼ਤਰ ਤਲਵਾਡ਼ਾ ਪਹੁੰਚੇ ਹਲ਼ਕਾ ਦਸੂਹਾ ਵਿਧਾਇਕ ਐਡ ਕਰਮਵੀਰ ਘੁੰਮਣ ਨੂੰ ਪੰਚਾਇਤ ਸਕੱਤਰਾਂ ਤੇ ਸਰਪੰਚਾਂ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚਾਇਤ ਸਕੱਤਰ ਨਰੇਸ਼ ਕੁਮਾਰ, ਅਮਰੀਕ ਸਿੰਘ ਤੇ ਲੱਖਪਾਲ ਸਿੰਘ, ਗ੍ਰਾਮ ਸੇਵਕ ਰਣਜੀਤ ਸਿੰਘ, ਪੰਚਾਇਤ ਯੂਨੀਅਨ ਤਲਵਾਡ਼ਾ ਤੋਂ ਸਰਪੰਚ ਕਰਨੈਲ ਸਿੰਘ, ਸ਼ਾਮ ਸੁੰਦਰ, ਸਰਪੰਚ ਸਤਨਾਮ ਸਿੰਘ, ਸਰਪੰਚ ਜਤਿੰਦਰ ਕੁਮਾਰ, ਸਰਪੰਚ ਊਸ਼ਾ ਰਾਣੀ, ਸਰਪੰਚ ਸੁਮਨ , ਸਰਪੰਚ ਨਿਰਮਲਾ ਦੇਵੀ, ਸਰਪੰਚ ਬਲਜਿੰਦਰ ਕੌਰ, ਸਰਪੰਚ ਨੀਸ਼ਾ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਮ ਕ੍ਰਿਸ਼ਨ ਅਮਰੋਹੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here