ਮਗਨਰੇਗਾ ਯੋਜਨਾ ਵਿਚ ਖਰਚ ਕਰਨ ਵਿਚ ਫਾਜਿ਼ਲਕਾ ਜਿ਼ਲ੍ਹਾ ਬਣਿਆ ਮੋਹਰੀ, ਪੰਚਾਇਤ ਮੰਤਰੀ ਨੇ ਦਿੱਤਾ ਪੁਰਸਕਾਰ

ਫਾਜਿ਼ਲਕਾ(ਦ ਸਟੈਲਰ ਨਿਊਜ਼)। ਮਹਾਤਮਾ ਗਾਂਧੀ ਦਿਹਾਤੀ ਰੋਜਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਤਹਿਤ ਰਾਜ ਵਿਚੋਂ ਸਭ ਤੋਂ ਜਿਆਦਾ ਰਕਮ ਖਰਚ ਕਰਕੇ ਫਾਜਿ਼ਲਕਾ ਜਿ਼ਲ੍ਹਾ ਸੂਬੇ ਵਿਚੋਂ ਪਹਿਲੇ ਸਥਾਨ ਤੇ ਰਿਹਾ ਹੈ। ਇਸ ਪ੍ਰਾਪਤੀ ਲਈ ਪੰਜਾਬ ਦੇ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਚੰਡੀਗੜ੍ਹ ਵਿਖੇ ਹੋਏ ਇਕ ਸਮਾਗਮ ਦੌਰਾਨ ਜਿ਼ਲ੍ਹੇ ਨੂੰ ਸਨਮਾਨਿਤ ਕੀਤਾ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੰਦਿਆਂ ਦੱਸਿਆ ਕਿ ਜਿ਼ਲ੍ਹੇ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਡਿਪਟੀ ਕਮਿਸ਼ਨਰ ਡਾ: ਸੇਨੂੰ ਦੱੁਗਲ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹਾ ਇਸ ਸਮੇਂ ਤੱਕ ਲਈ 112 ਕਰੋੜ ਖਰਚ ਕਰਨ ਦੇ ਟੀਚੇ ਦੇ ਮੁਕਾਬਲੇ 130.41 ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਪੇਂਡੂ ਵਿਕਾਸ ਵਿਭਾਗ ਦੀ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਨਾਲ ਪੰਚਾਇਤਾਂ ਅਤੇ ਮਗਨਰੇਗਾ ਕਰਮੀਆਂ ਨੂੰ ਵੀ ਵਧਾਈ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਯੋਜਨਾ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਨਿਵੇਕਲੇ ਪ੍ਰੋਜ਼ੈਕਟ ਆਰੰਭ ਕੀਤੇ ਗਏ ਹਨ ਜਿਸ ਵਿਚੋਂ ਮੇਰਾ ਪਿੰਡ ਮੇਰਾ ਜੰਗਲ ਪ੍ਰਮੁੱਖ ਹੈ ਜਿਸ ਤਹਿਤ ਜਿ਼ਲ੍ਹੇ ਦੇ 75 ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕੀਤੇ ਜਾ ਰਹੇ ਹਨ।
ਇਸ ਤੋਂ ਬਿਨ੍ਹਾਂ ਸਾਂਝਾ ਜਲ ਤਾਲਾਬ ਸਕੀਮ ਤਹਿਤ ਜਿ਼ਲ੍ਹੇ ਵਿਚ 75 ਦੇ ਟੀਚੇ ਦੇ ਮੁਕਾਬਲੇ 79 ਤਾਲਾਬ ਬਣਾਉਣ ਦੀ ਵਿਊਂਤਬੰਦੀ ਕੀਤੀ ਗਈ ਹੈ ਅਤੇ ਇੰਨ੍ਹਾਂ ਵਿਚੋਂ 23 ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਬਿਨ੍ਹਾਂ 132 ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ ਲਈ ਪ੍ਰੋਜ਼ੈਕਟ ਇਸ ਤਹਿਤ ਕੀਤੇ ਜਾਣੇ ਹਨ। ਇਸੇ ਤਰਾਂ 54 ਪਿੰਡਾਂ ਵਿਚ ਇਸ ਸਾਲ ਮਗਨਰੇਗਾ ਤਹਿਤ ਖੇਡ ਮੈਦਾਨ ਬਣਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਇਸੇ ਤਰਾਂ 100 ਪਿੰਡਾਂ ਵਿਚ ਛਪੜਾਂ ਤੇ ਡਿਸਿਲਟਿੰਗ ਚੈਂਬਰ ਬਣਾਉਣ ਦਾ ਕੰਮ ਵੀ ਇਸ ਸਾਲ ਇਸ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਅੱਜ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਜਿ਼ਲ੍ਹੇ ਨਾਲ ਸਬੰਧਤ ਇਕ ਮਹਿਲਾ ਮੇਟ ਮਨਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here