ਮੌਜੂਦਾ ਸਾਲ ਦੌਰਾਨ ਕੀਤੇ ਗਏ ਪਰਾਲੀ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਰੀਵਿਊ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ ਵੱਖ—ਵੱਖ ਵਿਭਾਗਾਂ ਅਤੇ ਪਰਾਲੀ ਨੂੰ ਖਪਤ ਕਰਨ ਵਾਲੀਆਂ ਇਕਾਈਆਂ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਾਲ 2022 ਦੌਰਾਨ ਪਰਾਲੀ ਪ੍ਰੰਬਧਨ ਸਬੰਧੀ ਕੀਤੇ ਉਪਰਾਲਿਆਂ ਦਾ ਰੀਵਿਊ ਅਤੇ ਭਵਿੱਖ ਵਿੱਚ ਇਸ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ  ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਮੌਜੂਦਾ ਸਾਲ ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਵਿਸਥਾਰ ਨਾਲ ਆਪਣੇ ਸੁਝਾਅ, ਪੇਸ਼ ਆਈਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਯੋਗ ਹੱਲ ਸਬੰਧੀ ਵਿਚਾਰ- ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ ਕੁੱਲ 259 ਥਾਵਾਂ ਤੇ ਅੱਗ ਲੱਗਣ ਸਬੰਧੀ ਸਪਾਟ ਸੈਟੇਲਾਈਟ ਵਲੋਂ ਕੈਪਚਰ ਕੀਤੇ ਗਏ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 21 ਫੀਸਦੀ ਘੱਟ ਹਨ। ਉਨ੍ਹਾਂ ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਢੰਗਾਂ ਨੂੰ ਅਪਨਾਉਣਾ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਵੱਖ-ਵੱਖ ਉਪਰਾਲਿਆਂ ਪ੍ਰਤੀ ਕਿਸਾਨਾਂ ਦਾ ਹਾਂ ਪੱਖੀ ਹੁੰਗਾਰਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈ ਗਈ ਮੁਹਿੰਮ ਇਸ ਗਿਰਾਵਟ ਦਾ ਮੁੱਖ ਕਾਰਨ ਦੱਸਿਆ।

Advertisements

ਇਸ ਮੌਕੇ ਉਨ੍ਹਾਂ ਵਲੋਂ ਵੱਖ-ਵੱਖ ਇੰਡਸਟਰੀਅਲ ਇਕਾਈਆਂ ਜਿਨ੍ਹਾਂ ਵਲੋਂ ਪਰਾਲੀ ਦੀ ਖਪਤ ਕੀਤੀ ਜਾਂਦੀ ਹੈ ਅਤੇ ਕਿਸਾਨ ਜੋ ਬੇਲਰ ਚਲਾ ਕੇ ਪਰਾਲੀ ਇੱਕਠੀ ਕਰਦੇ ਹਨ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਹੋਰ ਵਧਾਉਣ ਉੱਤੇ ਜੋਰ ਦਿੱਤਾ ਤਾਂ ਜੋ ਪਰਾਲੀ ਪ੍ਰਬੰਧਨ ਨੂੰ ਭਵਿੱਖ ਵਿੱਚ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।  ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਸਾਨਾਂ ਵਲੋਂ ਮਹਿਕਮੇ ਦੁਆਰਾ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਯੋਗ ਵਰਤੋਂ, ਖੇਤਰ ਅਨੁਸਾਰ ਬੇਲਰ ਰਾਹੀਂ ਗੰਢਾਂ ਬਣਾ ਕੇ ਪ੍ਰਬੰਧਨ, ਪਸ਼ੂ ਚਾਰੇ ਵਜੋਂ ਵਰਤੋਂ ਆਦਿ ਨੂੰ ਪਰਾਲੀ ਪ੍ਰਬੰਧਨ ਦੀ ਮੁਹਿੰਮ ਵਿੱਚ ਇੱਕ ਅਹਿਮ ਹਿੱਸਾ ਦੱਸਿਆ। ਉਨ੍ਹਾਂ ਭਵਿੱਖ ਵਿੱਚ ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਆਪਣਾ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਕੋਆਪਰੇਟਿਵ ਸੁਸਾਇਟੀਜ਼, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਬਾਗਬਾਨੀ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here